- ਨਾਟਕ ਰਾਹੀਂ ਪੰਜਾਬ ਦੀ ਨਸ਼ਿਆਂ ਵਿੱਚ ਧਸਦੀ ਜਾ ਰਹੀ ਜਵਾਨੀ ਨੂੰ ਦਲਦਲ ਵਿੱਚੋਂ ਬਾਹਰ ਆਉਣ ਦਾ ਦਿੱਤਾ ਸੰਦੇਸ਼
ਮੋਗਾ, 3 ਨਵੰਬਰ : ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੀ ਅਗਵਾਈ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਗਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ 'ਪੰਜਾਬੀ ਨਾਟਕ' ਸਮਾਗਮ ਕਰਵਾਇਆ ਗਿਆ। ਸਕੂਲ ਦੇ ਪ੍ਰਿੰਸਪਲ ਸ਼੍ਰੀਮਤੀ ਰੁਪਿੰਦਰਜੀਤ ਕੌਰ ਵੱਲੋਂ ਇਸ ਪੰਜਾਬੀ ਨਾਟਕ ਦੇ ਆਯੋਜਨ ਲਈ ਉਚੇਚੇ ਤੌਰ 'ਤੇ ਪ੍ਰਬੰਧ ਕੀਤੇ ਗਏ। ਲੇਖਕ ਵਿਚਾਰ ਮੰਚ, ਨਿਹਾਲ ਸਿੰਘ ਵਾਲਾ ਦੇ ਸਹਿਯੋਗ ਨਾਲ 'ਜੈ ਹੋ' ਰੰਗਮੰਚ, ਨਿਹਾਲ ਸਿੰਘ ਵਾਲਾ ਵੱਲੋਂ ਇੱਕ ਨੁੱਕੜ ਨਾਟਕ 'ਸੁਲਘਦੀ ਧਰਤੀ' ਪੇਸ਼ ਕੀਤਾ ਗਿਆ। ਇਸ ਨਾਟਕ ਰਾਹੀਂ ਅਜੋਕੇ ਪੰਜਾਬ ਦੀ ਨਸ਼ਿਆਂ ਵਿੱਚ ਧਸਦੀ ਜਾ ਰਹੀ ਜਵਾਨੀ ਨੂੰ ਇਸ ਦਲਦਲ ਵਿੱਚੋਂ ਬਾਹਰ ਆਉਣ ਅਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੀ ਮੁਹਿੰਮ ਵਿੱਚ ਨਵੇਂ ਜੋਸ਼ ਨਾਲ ਸਰਗਰਮ ਹੋਣ ਲਈ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਅਦਾਰਾ 'ਤਾਸਮਨ' ਦੇ ਨਵੇਂ ਅੰਕ ਦਾ ਲੋਕ ਅਰਪਣ ਕੀਤਾ ਗਿਆ। ਕਹਾਣੀਕਾਰ ਗੁਰਮੇਲ ਸਿੰਘ ਬੌਡੇ ਵੱਲੋਂ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਸਮਾਜਕ ਖੇਤਰ ਵਿੱਚ ਵੱਖਰੀ ਪਛਾਣ ਬਣਾਉਣ ਵਾਲੀਆਂ ਪਿੰਡ ਬਿਲਾਸਪੁਰ ਦੀਆਂ ਨਾਮਵਰ ਸ਼ਖ਼ਸੀਅਤਾਂ ਬਾਰੇ ਚਾਨਣਾ ਪਾਇਆ। ਪ੍ਰਸਿੱਧ ਸ਼ਾਇਰ ਹਰਵਿੰਦਰ ਬਿਲਾਸਪੁਰ ਨੇ ਕਿਹਾ ਕਿ ਲੇਖਕ ਵਿਚਾਰ ਮੰਚ, ਨਿਹਾਲ ਸਿੰਘ ਵਾਲਾ ਵੱਲੋਂ ਭਾਸ਼ਾ ਵਿਭਾਗ ਨਾਲ ਮਿਲ ਕੇ ਅਗਾਂਹ ਤੋਂ ਵੀ ਅਜਿਹੀਆਂ ਉਸਾਰੂ ਗਤੀਵਿਧੀਆਂ ਜਾਰੀ ਰੱਖੀਆਂ ਜਾਣਗੀਆਂ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਕਿਹਾ ਕਿ ਸੂਰਬੀਰਾਂ ਦੀ ਧਰਤੀ ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਇਸਨੇ ਹਰ ਪ੍ਰਕਾਰ ਦੀਆਂ ਮੁਸ਼ਕਿਲ ਸਥਿਤੀਆਂ ਉੱਪਰ ਹਮੇਸ਼ਾਂ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਵੱਲੋਂ ਪੰਜਾਬੀ ਸਾਹਿਤ ਜਗਤ ਵਿੱਚ ਨਵੀਆਂ ਪੈੜਾਂ ਪਾ ਰਹੇ ਮੈਗਜ਼ੀਨ 'ਤਾਸਮਨ' ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਨੌਜਵਾਨ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ 'ਜੈ ਹੋ' ਰੰਗਮੰਚ ਦੀ ਸਮੁੱਚੀ ਟੀਮ, ਲੇਖਕ ਵਿਚਾਰ ਮੰਚ, ਨਿਹਾਲ ਸਿੰਘ ਵਾਲਾ ਅਤੇ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਗਮਾਂ ਲਈ ਸਹਿਯੋਗ ਦਿੰਦੇ ਰਹਿਣ ਲਈ ਕਿਹਾ। ਇਸ ਮੌਕੇ ਸਕੂਲ ਦੇ ਸਟਾਫ਼ ਮੈਂਬਰ ਹਰਵੀਰ ਸਿੰਘ, ਪਵਨਦੀਪ ਸਿੰਘ, ਹਰਪ੍ਰੀਤ ਸਿੰਘ, ਜੀਵਨ ਕੁਮਾਰ, ਅਸ਼ੋਕ ਕੁਮਾਰ, ਜਸਵੰਤ ਸਿੰਘ, ਸੁਖਮੰਦਰ ਸਿੰਘ, ਜਰਨੈਲ ਸਿੰਘ, ਜਗਸੀਰ ਸਿੰਘ, ਹਰਜੀਤ ਸਿੰਘ, ਚੰਦਰ ਮੋਹਨ, ਸੰਦੀਪ ਕੌਰ, ਵੀਰਪਾਲ ਕੌਰ, ਸੁਨੀਤਾ ਰਾਣੀ, ਅਮਨਦੀਪ ਕੌਰ, ਰਾਜਿੰਦਰਪਾਲ ਕੌਰ, ਰਾਜਵਿੰਦਰ ਕੌਰ, ਪ੍ਰਿਯੰਕਾ ਅਤੇ ਮਨਪ੍ਰੀਤ ਕੌਰ ਸ਼ਾਮਲ ਸਨ।