ਜਗਰਾਉ 31 ਮਈ (ਰਛਪਾਲ ਸਿੰਘ ਸ਼ੇਰਪੁਰੀ) : ਕਿਤਾਬਾਂ ਮਨੁੱਖ ਦੀਆਂ ਸੱਚੀਆਂ ਸਾਥੀ ਹੁੰਦੀਆਂ ਹਨ। ਬੱਚਿਆਂ ਵਿੱਚ ਆਪਣੀ ਪਸੰਦ ਦੀਆਂ ਕਿਤਾਬਾਂ ਲੈਣ ਦੀ ਰੁਚੀ ਪੈਦਾ ਕਰਨ ਲਈ ਸਕੂਲਾਂ ਵਿੱਚ ਪੁਸਤਕ ਮੇਲੇ ਲਗਾਏ ਜਾਂਦੇ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂ ਹਰਗੋਬਿੰਦ ਪਬਲਿਕ ਸਕੂਲ ਸਿੱਧਵਾਂ ਖੁਰਦ ਦੀ ਸਕੂਲ ਲਾਇਬ੍ਰੇਰੀ ਵਿੱਚ 27 ਮਈ, 2023 ਨੂੰ ਪ੍ਰਾਇਮਰੀ ਵਿੰਗ ਅਤੇ ਮਿਡਲ ਵਿੰਗ ਲਈ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਸ਼੍ਰੀ ਪਵਨ ਸੂਦ ਦੀ ਯੋਗ ਅਗਵਾਈ ਹੇਠ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਕੁੱਲ 86 ਵਿਦਿਆਰਥੀਆਂ ਨੇ ਵੱਖ-ਵੱਖ ਕਿਤਾਬਾਂ ਖਰੀਦੀਆਂ ਇਸ ਪ੍ਰਦਰਸ਼ਨੀ ਵਿੱਚ ਹਰ ਪ੍ਰਕਾਰ ਦੀਆਂ ਕਿਤਾਬਾਂ ਸਨ। ਸਾਡੇ ਸਕੂਲ ਦੇ ਲਾਇਬ੍ਰੇਰੀਅਨ ਸਟਾਫ (ਸ਼੍ਰੀਮਤੀ ਪ੍ਰਦੀਪ ਕੌਰ ਕਹਿਲ ਅਤੇ ਸਰਦਾਰ ਸਰਬਜੀਤ ਸਿੰਘ) ਨੇ ਵਿਦਿਆਰਥੀਆਂ ਵਿੱਚ ਉਹਨਾਂ ਦੀ ਪਸੰਦ ਅਨੁਸਾਰ ਕਿਤਾਬਾਂ ਵੰਡੀਆਂ ਤਾਂ ਜੋ ਉਹ ਗਰਮੀਆਂ ਦੀਆਂ ਛੁੱਟੀਆਂ ਵਿੱਚ ਇਹਨਾਂ ਕਿਤਾਬਾਂ ਨੂੰ ਪੜ੍ਹ ਸਕਣ ਅਤੇ ਚੰਗੀ ਸੇਧ ਅਤੇ ਗਿਆਨ ਪ੍ਰਾਪਤ ਕਰ ਸਕਣ ।ਸ਼੍ਰੀਮਤੀ ਚੇਤਨਾ (ਸਕਾਲਸਟਿਕ ਪ੍ਰਾਈਵੇਟ ਲਿਮਟਿਡ) ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਪਿੑੰਸੀਪਲ ਜੀ ਨੇ ਸਾਰੇ ਬੱਚਿਆਂ ਨੂੰ ਪੁਸਤਕਾਂ ਪੜ੍ਹਨ ਦੀ ਰੂਚੀ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਲਾਇਬ੍ਰੇਰੀਅਨ ਸਟਾਫ਼ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਲਗਾਉਣ ਲਈ ਪ੍ਰੇਰਿਤ ਕੀਤਾ ਕਿਉਂਕਿ ਪੁਸਤਕ ਮੇਲਾ ਵਿਦਿਆਰਥੀਆਂ ਵਿਚ ਪੜ੍ਹਨ ਦੀ ਰੂਚੀ ਪੈਦਾ ਕਰਨ ਵਿਚ ਸਹਾਈ ਹੁੰਦਾ ਹੈ।