- ਸਿਹਤ ਅਤੇ ਪੁਲਿਸ ਵਿਭਾਗ ਦਾ ਸਾਂਝਾ ਉਪਰਾਲਾ
ਫਰੀਦਕੋਟ 29 ਦਸੰਬਰ : ਸਿਵਲ ਸਰਜਨ ਫਰੀਦਕੋਟ ਡਾ. ਮਨਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਪਿੰਡ-ਕਸਬਿਆਂ ਵਿੱਚ ਨਸ਼ਾ ਵਿਰੋਧੀ ਸਰਗਰਮੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸੇ ਲੜੀ ਤਹਿਤ ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਦੇ ਅਧਿਕਾਰੀ ਡਿਪਟੀ ਮਾਸ ਮੀਡੀਆ ਅਫ਼ਸਰ ਸੁਧੀਰ ਧੀਰ ਅਤੇ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੋਡਲ ਅਫਸਰ ਆਈ.ਈ.ਸੀ ਗਤੀਵਿਧੀਆਂ ਵੱਲੋਂ ਸਥਾਨਕ ਆਰਾ ਮਾਰਕਿਟ ਨੇੜੇ ਕਿਰਤੀ ਮਜ਼ਦੂਰ ਨਿਰਮਾਣ ਯੂਨੀਅਨ ਵਿਖੇ ਨਸ਼ਿਆਂ,ਤੰਬਾਕੂ ਅਤੇ ਸ਼ਰਾਬ ਦੇ ਮਾੜੇ ਪ੍ਰਭਾਵਾਂ ਸਬੰਧੀ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ।ਭਾਰੀ ਗਿਣਤੀ ਵਿੱਚ ਹਾਜਰ ਰਕਸ਼ਾ ਅਤੇ ਟਾਂਗਾ ਚਾਲਕਾਂ, ਮਿਸਤਰੀ-ਦਿਹਾੜੀਦਾਰ ਕਾਮਿਆਂ ਨੂੰ ਸਿਹਤ ਵਿਭਾਗ ਦੇ ਡਰੱਗ-ਡੀ-ਅਡਿਕਸ਼ਨ ਅਧੀਨ ਨਸ਼ਾ ਛੁਡਾਊ ਕੇਂਦਰ,ਪੁਨਰਵਾਸ ਕੇਂਦਰ ਅਤੇ ਓਟ ਕਲੀਨਿਕਾਂ ਵਿੱਚ ਮੁਹੱਈਆ ਮੁਫਤ ਇਲਾਜ,ਹੋਰ ਸਿਹਤ ਸਹੂਲਤਾਂ ਅਤੇ ਸੁਵਿਧਾਵਾਂ ਸਬੰਧੀ ਵਿਸਥਾਰ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਕਿਰਤੀ ਮਜ਼ਦੂਰ ਨਿਰਮਾਣ ਯੂਨੀਅਨ ਮੈਂਬਰਾਂ ਅਤੇ ਹੋਰ ਭਾਗੀਦਾਰਾਂ ਨੂੰ ਸ਼ਰਾਬ, ਨਸ਼ਿਆ ਅਤੇ ਤੰਬਾਕੂ ਉਤਪਾਦਾਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਵੀ ਦਿੱਤੀ। ਉਨਾਂ ਕਿਹਾ ਕਿ ਖੂਨ-ਪਸੀਨੇ ਦੀ ਮਿਹਨਤ ਨਾਲ ਕੀਤੀ ਕਮਾਈ ਆਪਣੀ ਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਚੰਗੀ ਸਿਹਤ ਅਤੇ ਵਧੀਆ ਭਵਿੱਖ ਲਈ ਲਗਾਉਣੀ ਚਾਹੀਦੀ ਹੈ। ਅੰਤ ਵਿੱਚ ਵਿਭਾਗ ਵੱਲੋਂ ਤਿਆਰ ਕੀਤੀ ਜਾਗਰੂਕਤਾ ਸਮੱਗਰੀ ਵੀ ਤਕਸੀਮ ਕੀਤੀ ਗਈ। ਇਸ ਮੌਕੇ ਪੁਲਿਸ ਸਾਂਝ ਕੇਂਦਰ ਫਰੀਦਕੋਟ ਦੇ ਏਐਸਆਈ ਜਸਕਰਨ ਸਿੰਘ, ਹਵਲਦਾਰ ਰਾਜਵੰਤ ਕੌਰ ਅਤੇ ਮਹਿਲਾ ਮਿੱਤਰ ਗੁਰਜੀਤ ਕੌਰ ਵੱਲੋਂ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਦੇ ਸੋਸ਼ਣ, ਘਰੇਲੂ ਹਿੰਸਾ ਅਤੇ ਹੋਰ ਸੇਵਾਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਦੋਵੇਂ ਵਿਭਾਗਾਂ ਵੱਲੋਂ ਲੋਕਾਂ ਦੀ ਸਹਾਇਤਾ ਲਈ ਚਲਾਏ ਗਏ ਹੈਲਪ ਲਾਈਨ ਨੰਬਰਾਂ ਬਾਰੇ ਵੀ ਜਾਗਰੂਕ ਕੀਤਾ।