- ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਸਮਾਜ ਪ੍ਰਤੀ ਆਪਣਾ ਬਣਦਾ ਫ਼ਰਜ਼ ਨਿਭਾਉਣ ਲਈ ਅੱਗੇ ਆਉਣ ਕਿਸਾਨ
- ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੇ ਆਧੁਨਿਕ ਤਰੀਕਿਆਂ ਤੋਂ ਕਰਵਾਇਆ ਜਾ ਰਿਹਾ ਹੈ ਜਾਣੂ- ਡਾ ਪੱਲਵੀ
ਕੁੱਪ ਕਲਾ, 10 ਨਵੰਬਰ : ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਹੋਰ ਅਧਿਕਾਰੀਆਂ ਸਮੇਤ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟ੍ਰੇਟ ਲਗਾਤਾਰ ਪਿੰਡਾਂ ਵਿਚ ਕਿਸਾਨ ਮਿਲਣੀਆਂ ਕਰ ਕੇ ਪਰਾਲੀ ਪ੍ਰਬੰਧਨ ਦੇ ਆਧੁਨਿਕ ਤਰੀਕਿਆਂ ਤੋਂ ਜਾਣੂ ਕਰਵਾ ਰਹੇ ਹਨ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ । ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਪਿੰਡ ਕੁੱਪ ਕਲਾ, ਭੋਗੀਵਾਲ,ਜਿੱਤ ਵਾਲ,ਝਨੇਰ ,ਧਲੇਰ, ਮੋਹਾਲੀ ਕਲ੍ਹਾ, ਮੋਹਾਲੀ ਖ਼ੁਰਦ,ਕੰਗਣਵਾਲ,ਬਾਠਾਂ,ਧਲੇਰ ਖ਼ੁਰਦ ਅਤੇ ਕਿਸ਼ਨਗੜ੍ਹ ਆਦਿ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਅਤੇ ਹੋਰ ਨਿਵਾਸੀਆਂ ਨਾਲ ਗੱਲ ਬਾਤ ਕਰਦਿਆ ਪਰਾਲੀ ਪ੍ਰਬੰਧਨ ਲਈ ਖੇਤੀਬਾੜੀ ਤੇ ਸਹਿਕਾਰਤਾ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾਂਦੀ ਮਸ਼ੀਨਰੀ ਦੀ ਤਕਨੀਕ ਅਤੇ ਇਸ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ । ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਸਮਾਜ ਪ੍ਰਤੀ ਆਪਣਾ ਬਣਦਾ ਫ਼ਰਜ਼ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਤਾਇਨਾਤ ਕੀਤੇ ਅਧਿਕਾਰੀ ਲਗਾਤਾਰ ਕਿਸਾਨਾਂ ਦੇ ਸੰਪਰਕ ਵਿਚ ਹਨ। ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਨੂੰ ਮੌਕੇ ’ਤੇ ਜਾ ਕੇ ਰੋਕਿਆ ਜਾਂਦਾ ਹੈ। ਸਾਰੇ ਕਿਸਾਨਾਂ ਨੂੰ ਪਰਾਲੀ ਦਾ ਮਸ਼ੀਨਰੀ ਨਾਲ ਪ੍ਰਬੰਧਨ ਕਰ ਰਹੇ ਕਿਸਾਨਾਂ ਤੋਂ ਪ੍ਰੇਰਨਾ ਲੈਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਅੱਜ ਕਈ ਥਾਵਾਂ ਤੇ ਅੱਗ ਲਗਾਉਣ ਦੀ ਤਿਆਰੀ ਕਰ ਰਹੇ ਕਿਸਾਨਾਂ ਨੂੰ ਟੀਮਾਂ ਨੇ ਮੌਕੇ ’ਤੇ ਜਾ ਕੇ ਰੋਕਿਆ ਅਤੇ ਅੱਗ ’ਤੇ ਵੀ ਕਾਬੂ ਪਾਇਆ । ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ।ਪਰਾਲੀ ਦਾ ਪ੍ਰਬੰਧਨ ਕਰਨ ਅਤੇ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ ਤਾਂ ਜੋ ਵਾਤਾਵਰਣ ਦੀ ਸ਼ੁੱਧਤਾ ਅਤੇ ਮਨੁੱਖੀ ਸਿਹਤ ਦੀ ਤੰਦਰੁਸਤੀ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਵੱਛ ਹਵਾ ਵਿਚ ਸਾਹ ਲੈਣ ਯੋਗ ਵਾਤਾਵਰਣ ਮੁਹੱਈਆ ਕਰਵਾ ਸਕੀਏ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਉਪ ਮੰਡਲ ਮੈਜਿਸਟ੍ਰੇਟ ਸ੍ਰੀ ਹਰਬੰਸ ਸਿੰਘ, ਡੀ.ਐਸ.ਪੀ. ਦਵਿੰਦਰ ਸਿੰਘ, ਡੀ.ਐਸ.ਪੀ. ਕੁਲਦੀਪ ਸਿੰਘ, ਤਹਿਸੀਲਦਾਰ ਮਨਮੋਹਨ ਕੌਸ਼ਿਕ ਤੋਂ ਇਲਾਵਾ ਸਬੰਧਤ ਇਲਾਕੇ ਦੇ ਨੰਬਰਦਾਰ, ਕਾਨੂੰਗੋ, ਐਸ.ਐਚ.ਓਜ ਤੋਂ ਇਲਾਵਾ ਹੋਰ ਅਧਿਕਾਰੀ ਵੀ ਨਾਲ ਮੌਜੂਦ ਸਨ ।