ਬਰਨਾਲਾ, 23 ਦਸੰਬਰ : ਜ਼ਿਲ੍ਹਾ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਸਿੱਖਿਆ ਵਿਭਾਗ ਦੀ ਹਦਾਇਤ ਤਹਿਤ ਅਤੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਈਟ) ਸੰਗਰੂਰ ਦੇ ਦਿਸ਼ਾ ਨਿਰਦੇਸ਼ ਅਧੀਨ ਜ਼ਿਲ੍ਹਾ ਅਫ਼ਸਰ ਸ਼੍ਰੀ ਸ਼ਮਸ਼ੇਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਵਸੁੰਧਰਾ ਕਪਿਲਾ ਅਤੇ ਡਿਪਟੀ ਡੀ.ਈ.ਓ. ਬਰਜਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਨਵ ਭਾਰਤ ਸਾਖ਼ਰਤਾ ਪ੍ਰੋਗਰਾਮ ਦੀ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰਿਸੋਰਸ ਪਰਸਨ ਕਮਲਦੀਪ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਜ਼ਿਲ੍ਹੇ ਬੀ.ਪੀ.ਈ.ਓਜ਼. ਸਾਹਿਬਾਨ ਅਤੇ ਪ੍ਰਾਇਮਰੀ ਸਕੂਲਾਂ ਦੇ ਨਿਲਪ ਦੇ ਨੋਡਲ ਅਫਸਰਾਂ ਵੱਲੋਂ ਇਸ ਵਰਕਸ਼ਾਪ ਵਿੱਚ ਭਾਗ ਲਿਆ ਗਿਆ। ਉਹਨਾਂ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਨਵ ਭਾਰਤ ਸਾਖ਼ਰਤਾ ਪ੍ਰੋਗਰਾਮ ਪੋਰਟਲ ਅਤੇ ਉੱਲਾਸ ਐਪ ਦੀ ਵਰਤੋਂ ਕਰਨ ਬਾਰੇ ਟਰੇਨਿੰਗ ਦਿੱਤੀ ਗਈ ਤਾਂ ਜੋ ਨਵ ਭਾਰਤ ਸਾਖ਼ਰਤਾ ਪ੍ਰੋਗਰਾਮ ਦੀ ਫ਼ਰਵਰੀ 2024 ਵਿੱਚ ਹੋਣ ਵਾਲੀ ਪ੍ਰੀਖਿਆ ਲਈ ਨਵੇਂ ਸਿੱਖਿਆਰਥੀਆਂ ਦੀ ਰਜਿਸਟਰੇਸ਼ਨ ਦਾ ਕੰਮ ਕੁਸ਼ਲਤਾਪੂਰਵਕ ਚਲਾਇਆ ਜਾ ਸਕੇ।ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਬਰਜਿੰਦਰ ਪਾਲ ਸਿੰਘ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਸਾਖ਼ਰ ਕਰਨਾ ਬਹੁਤ ਹੀ ਪੁੰਨ ਦਾ ਕੰਮ ਹੈ। ਉਹਨਾਂ ਕਿਹਾ ਕਿ ਇਸ ਕੰਮ ਨੂੰ ਅਸੀਂ ਡਿਊਟੀ ਨਹੀਂ ਬਲਕਿ ਸਮਾਜ ਪ੍ਰਤੀ ਸਾਡੀ ਬਣਦੀ ਜਿੰਮੇਵਾਰੀ ਸਮਝ ਕੇ ਕਰਨਾ ਹੈ। ਵਰਕਸ਼ਾਪ ਵਿੱਚ ਸਕੂਲ ਆਫ਼ ਐਮੀਂਨੇਂਸ ਭਦੌੜ ਦੇ ਪ੍ਰਿੰਸੀਪਲ ਮੇਜਰ ਸਿੰਘ ਨੂੰ ਨਵ ਭਾਰਤ ਸਾਖ਼ਰਤਾ ਪ੍ਰੋਗਰਾਮ ਵਿੱਚ ਬੇਹਤਰੀਨ ਪ੍ਰਦਰਸ਼ਨ ਕਰਨ ਲਈ ਸਨਮਾਨਿਤ ਵੀ ਕੀਤਾ ਗਿਆ।