ਖੰਨਾ, 03 ਜਨਵਰੀ : ਖੰਨਾ ਵਿਚ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਲੁਧਿਆਣਾ ਵਾਲਾ ਨੈਸ਼ਨਲ ਹਾਈਵੇ ਤੇ ਅਮਲੋਹ ਚੋਂਕ ਖੰਨਾ ਵਿਖੇ ਇਕ ਤੇਲ ਟੈਂਕਰ ਨੂੰ ਅੱਗ ਲੱਗ ਗਈ ਅਤੇ ਇਸ ਵਿਚੋਂ ਉਚੀਆਂ ਅੱਗ ਦੀਆਂ ਲਪਟਾਂ ਅਤੇ ਕਾਲਾ ਧੂੰਆਂ ਨਿਕਲਣ ਲੱਗਿਆ। ਇਸ ਅੱਗ ਕਾਰਨ ਸੜਕ ਦੇ ਉਪਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਆਵਾਜਾਈ ਰੋਕ ਦਿੱਤੀ ਗਈ ਅਤੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਅੱਗ ਬੁਝਾਊ ਗੱਡੀਆਂ ਨੇ ਅੱਗ ਉੱਤੇ ਕਈ ਘੰਟਿਆਂ ਦੀ ਜਦੋ ਜਹਿਦ ਤੋਂ ਬਾਅਦ ਕਾਬੂ ਪਾਇਆ। ਸੜਕ ਦੇ ਉਪਰ ਟਰੈਫਿਕ ਰੁਕਣ ਕਾਰਨ ਇਸ ਟਰੈਫਿਕ ਨੂੰ ਸਾਈਡ ਲੇਨ ਤੋਂ ਲੰਘਾਇਆ ਗਿਆ। ਅੱਗ ਦੀਆਂ ਲਪਟਾਂ ਦੂਰ ਤੋਂ ਹੀ ਦਿਖ ਰਹੀਆਂ ਸਨ। ਖੁਸ਼ ਕਿਸਮਤੀ ਨਾਲ ਡਰਾਈਵਰ ਤੇ ਕੰਡਕਟਰ ਦਾ ਬਚਾਅ ਹੋ ਗਿਆ। ਡਰਾਈਵਰ ਨੇ ਦੱਸਿਆ ਕਿ ਟੈਂਕਰ ਦੇ ਅੱਗੇ ਅਵਾਰਾ ਗਾਂ ਦੇ ਆਉਣ ਕਾਰਨ ਇਹ ਹਾਦਸਾ ਵਾਪਰਿਆ। ਐਸ. ਐਸ.ਪੀ. ਪੁਲਿਸ ਜਿਲਾ ਖੰਨਾ ਅਮਨੀਤ ਕੋਂਡਲ ਨੇ ਇਸ ਮੌਕੇ ਦੱਸਿਆ ਕਿ ਅੱਗ ਦਾ ਪਤਾ ਲੱਗਣ ਤੇ ਉਹ ਪੁਲਿਸ ਪਾਰਟੀਆਂ ਸਮੇਤ ਮੌਕੇ ਤੇ ਪਹੁੰਚੇ ਅਤੇ ਬਚਾਅ ਕਰਮੀਆਂ ਦੀ ਮਦਦ ਨਾਲ ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ। ਸਾਬਕਾ ਫਾਇਰ ਅਫਸਰ ਯਸ਼ਪਾਲ ਗੋਮੀ ਨੇ ਦੱਸਿਆ ਕਿ ਇਹ ਗੱਡੀ ਲੁਧਿਆਣਾ ਤੋਂ ਮੰਡੀ ਗੋਬਿੰਦਗੜ ਤੇਲ ਲੈ ਕੇ ਜਾ ਰਹੀ ਸੀ ਅਤੇ ਇਸ ਅੱਗ ਨੂੰ ਬਝਾਉਣ ਲਈ 6 ਦੇ ਕਰੀਬ ਪਾਣੀ ਦੀਆਂ ਗੱਡੀਆਂ ਲੱਗੀਆਂ।