- ਨਸ਼ਿਆਂ ਤੋਂ ਰਹਿਤ ਸਮਾਜ ਦੀ ਸਿਰਜਣਾ ਕਰਨਾ ਹੀ ਭਗਵਾਨ ਬਾਲਮੀਕ ਨੂੰ ਸੱਚੀ ਸ਼ਰਧਾਂਜਲੀ- ਸਪੀਕਰ ਸੰਧਵਾਂ
ਕੋਟਕਪੂਰਾ 01 ਦਸੰਬਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਨੇ ਅੱਜ 7ਵੇਂ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਸ਼੍ਰਿਸ਼ਟੀਕਰਤਾ ਭਗਵਾਨ ਸ਼੍ਰੀ ਵਾਲਮੀਕ ਜੀ ਦੇ ਪਾਵਨ ਅਸਥਾਨ ਸ਼੍ਰੀ ਰਾਮਤੀਰਥ ਦੀ ਯਾਤਰਾ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਇੱਕ ਬੱਸ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸਮੂਹ ਬਾਲਮੀਕ ਭਾਈਚਾਰੇ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਲਈ ਅੱਗੇ ਆਉਣ ਲਈ ਕਿਹਾ । ਉਨ੍ਹਾਂ ਕਿਹਾ ਕਿ ਇੱਕ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕਰਨਾ ਹੀ ਭਗਵਾਨ ਬਾਲਮੀਕੀ ਨੂੰ ਸੱਚੀ ਸ਼ਰਧਾਜਲੀ ਦੇਣ ਦੇ ਬਰਾਬਰ ਹੈ। ਸਪੀਕਰ ਸੰਧਵਾਂ ਨੇ ਲੋਕਾਂ ਨੂੰ ਖਾਸਕਰ ਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਹਮਤ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਹਿਯੋਗ ਦੀ ਵੀ ਅਪੀਲ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਆਪਾਂ ਸਾਰਿਆਂ ਨੇ ਰਲਕੇ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨੀ ਹੈ। ਉਨ੍ਹਾਂ ਕੋਟਕਪੂਰੇ ਹਲਕੇ ਵਿੱਚੋਂ ਨਸ਼ੇ ਦੇ ਸੌਦਾਗਰਾਂ ਦਾ ਮੁਕੱਮਲ ਤੌਰ ਤੇ ਖਾਤਮਾ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਜੇਕਰ ਕੋਈ ਨਸ਼ਾ ਤਸਕਰ ਤੁਹਾਡੀ ਨਜ਼ਰ ਵਿਚ ਆਉਂਦਾ ਹੈ ਤਾਂ ਤੁਸੀਂ ਉਸੇ ਵਕਤ ਪੁਲਿਸ ਨੂੰ ਇਤਲਾਹ ਕਰਨੀ ਹੈ, ਜੇਕਰ ਪੁਲਿਸ ਕੋਈ ਕਾਰਵਾਈ ਨਾ ਕਰੇ ਤਾਂ ਮੇਰੇ ਧਿਆਨ ਵਿਚ ਸਾਰੀ ਕਾਰਵਾਈ ਲਿਆਉਣੀ ਹੈ।ਆਪਾਂ ਸਾਰਿਆਂ ਨੇ ਰਲ ਕੇ ਇਸ ਨਾਮੁਰਾਦ ਬਿਮਾਰੀ ਨੂੰ ਹਰ ਹੀਲੇ ਜੜ ਤੋਂ ਖਤਮ ਕਰਨਾ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੇ ਘਰ ਦਾ ਕੋਈ ਮੈਂਬਰ ਨਸ਼ਾ ਕਰਦਾ ਹੈ ਤਾਂ ਉਸ ਨੂੰ ਪ੍ਰੇਰਿਤ ਕਰਕੇ ਉਸ ਦਾ ਨਸ਼ਾ ਛੁੜਵਾਉਣਾ ਹੈ । ਇਸ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਆਪੋ-ਆਪਣੀ ਜ਼ਿੰਮੇਵਾਰੀ ਸਮਝਦਿਆਂ ਰਲ-ਮਿਲ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮੁੱਦੇ 'ਤੇ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਦਾ ਸੇਵਨ ਨਾ ਕਰਨ ਲਈ ਪ੍ਰੇਰਿਤ ਕਰਦਿਆਂ ਪੜ੍ਹਾਈ ਕਰਕੇ ਅਫਸਰ ਬਣਨ ਅਤੇ ਖੇਡਾਂ ਦੇ ਖੇਤਰ ਵਿਚ ਅੱਗੇ ਵੱਧ ਕੇ ਦੇਸ਼ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰਨ ਲਈ ਕਿਹਾ। ਮੌਕੇ ਤੇ ਹਾਜ਼ਰ ਲੋਕਾਂ ਨੇ ਸਪੀਕਰ ਸੰਧਵਾਂ ਦਾ ਛੋਟੇ ਜਿਹੇ ਸੱਦੇ ਤੇ ਪਹੁੰਚਣ ਤੇ ਖੁਸ਼ੀ ਦਾ ਜ਼ਾਹਿਰ ਕਰਦਿਆਂ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪੀਆਰਓ ਮਨਪ੍ਰੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਸੁੱਖਾ ਧਾਲੀਵਾਲ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਕੋਟਕਪੂਰਾ, ਵਿਕਰਮਜੀਤ ਸਿੰਘ ਸਨੀ, ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਪਿੰਡ ਵਾਸੀ ਹਾਜ਼ਰ ਸਨ।