- ਸਿੱਖਿਆ ਮੰਤਰੀ ਨੇ ਜ਼ਿਲ੍ਹਾ ਲਾਇਬ੍ਰੇਰੀ 'ਚ ਪੜ੍ਹ ਰਹੇ ਵਿਦਿਆਰਥੀਆਂ ਨਾਲ ਕੀਤੀ ਖਾਸ ਗੱਲਬਾਤ
ਰੂਪਨਗਰ, 3 ਜਨਵਰੀ : ਡਾ. ਬੀ.ਆਰ. ਅੰਬੇਡਕਰ ਚੌਂਕ ਨਜ਼ਦੀਕ ਸਥਿਤ ਜ਼ਿਲ੍ਹਾ ਲਾਇਬ੍ਰੇਰੀ ਦੇ ਕੀਤੇ ਗਏ ਨਵੀਨੀਕਰਨ ਦਾ ਨਿਰੀਖਣ ਕਰਦਿਆਂ, ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੇ ਘੋਸ਼ਣਾ ਕੀਤੀ ਕਿ ਜ਼ਿਲ੍ਹਾ ਲਾਇਬ੍ਰੇਰੀ ਦਾ ਰੀਡਿੰਗ ਰੂਮ ਜਲਦ 24 ਘੰਟਿਆਂ ਲਈ ਖੁੱਲਾ ਰੱਖਣ ਦੀ ਸ਼ੁਰੂਆਤ ਕੀਤੀ ਜਾਵੇਗੀ ਤਾਂ ਜੋ ਲੋੜਵੰਦ ਵਿਦਿਆਥੀਆਂ ਨੂੰ ਇੱਥੇ ਮੁਫ਼ਤ ਇੰਟਰਨੈੱਟ ਸੇਵਾਵਾਂ ਸਮੇਤ ਡੈਸਕਟੋਪ ਕੰਪਿਊਟਰ ਅਤੇ ਹੋਰ ਜ਼ਰੂਰੀ ਸੇਵਾਵਾਂ ਮਿਲ ਸਕਣ। ਸਿੱਖਿਆ ਮੰਤਰੀ ਨੇ ਕਿਹਾ ਕਿ ਆਮ ਘਰਾਂ ਦੇ ਬੱਚੇ ਪੜਾਈ ਦੇ ਨਾਲ-ਨਾਲ ਨੌਕਰੀਆਂ ਵੀ ਕਰਦੇ ਹਨ ਪਰ ਕੁਝ ਬੁਨਿਆਦੀ ਲੋੜਾਂ ਦੀ ਘਾਟ ਸਦਕਾ ਇਨ੍ਹਾਂ ਨੂੰ ਪੜਨ ਸਮੇਂ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਜ਼ਿਲ੍ਹਾ ਲਾਇਬ੍ਰੇਰੀ ਦਾ ਨਿਵੀਨਿਕਰਨ ਕੀਤਾ ਗਿਆ ਹੈ, ਜਲਦ ਸੂਬੇ ਦੀਆਂ ਸਾਰੀਆਂ ਲਾਇਬ੍ਰੇਰੀਆਂ ਵਿਖੇ ਇਹ ਖਾਸ ਸੇਵਾਵਾਂ ਮੁੱਹਈਆ ਕਰਵਾਈਆਂ ਜਾਣਗੀਆਂ ਜਿੱਥੇ ਵਿਦਿਆਰਥੀ ਪੜਕੇ ਆਪਣਾ ਸੁਨਹਿਰੀ ਭਵਿੱਖ ਸਿਰਜਣਗੇ। ਹਰਜੋਤ ਬੈਂਸ ਨੇ ਜ਼ਿਲ੍ਹਾ ਲਾਇਬ੍ਰੇਰੀ ਦੀ ਇਮਾਰਤ ਅਤੇ ਰੀਡਿੰਗ ਹਾਲ ਦਾ ਜਾਇਜ਼ਾ ਲਿਆ ਅਤੇ ਹਾਲ ਵਿਚ ਪੜ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਉਨ੍ਹਾਂ ਨੂੰ ਮਿਲ ਰਹੀ ਸੁਵਿਧਾਵਾਂ ਬਾਰੇ ਪੁੱਛਿਆ, ਪ੍ਰਬੰਧਾਂ ਨੂੰ ਲੈ ਕੇ ਮੌਕੇ ਉਤੇ ਹਾਜ਼ਰ ਵਿਦਿਆਰਥੀਆਂ ਵਲੋਂ ਤਸੱਲੀ ਪ੍ਰਗਟਾਈ ਗਈ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਸੀਨੀਅਰ ਸਿਟੀਜਨ ਸੈਕਸ਼ਨ ਵਿਚ ਬਜ਼ੁਰਗਾਂ ਨਾਲ ਵੀ ਮੁਲਾਕਾਤ ਕੀਤੀ ਜਿੱਥੇ ਹਹਰਨਾਮ ਸਿੰਘ ਨੇ ਲਾਇਬ੍ਰੇਰੀ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਹਰਜੋਤ ਬੈਂਸ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਸਿੱਖਿਆ ਹੈ ਅਤੇ ਸਿੱਖਿਆ ਦੇ ਪਸਾਰ ਵਿਚ ਵਾਧਾ ਕਰਨ ਲਈ ਲਾਇਬ੍ਰੇਰੀਆਂ ਦਾ ਅਹਿਮ ਰੋਲ ਹੁੰਦਾ ਹੈ ਜਿਸ ਲਈ ਹੁਣ ਹਰੇਕ ਹਲਕੇ ਵਿਚ 3 ਮਹੀਨੇ ਦੇ ਨਿਸ਼ਚਿਤ ਸਮੇਂ ਵਿਚ 6 ਲਾਇਬ੍ਰੇਰੀਆਂ ਖੋਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਜ਼ਿਲ੍ਹਾ ਲਾਇਬ੍ਰੇਰੀਆਂ ਸਿਰਫ ਕਾਗਜ਼ਾਂ ਵਿਚ ਹੀ ਸਨ ਤੇ ਖੰਡਰਾਂ ਦਾ ਰੂਪ ਧਾਰਨ ਕਰ ਚੁੱਕੀਆ ਸਨ, ਉਨ੍ਹਾਂ ਸਾਰੀਆਂ ਲਾਇਬ੍ਰੇਰੀਆਂ ਦਾ ਨਵੀਨੀਕਰਨ ਕੀਤਾ ਗਿਆ ਹੈ ਜਿਸ ਨਾਲ ਹੁਣ ਹਰ ਵਰਗ ਦੇ ਲੋਕ ਕਿਤਾਬਾਂ ਦਾ ਨਿੱਘ ਮਾਣ ਰਹੇ ਹਨ।ਇਹ ਲ੍ਰਾਇਬ੍ਰੇਰੀਆਂ ਹੁਣ ਯੂ.ਪੀ.ਐਸ.ਸੀ., ਪੀ.ਸੀ.ਐਸ., ਆਧਿਆਪਕ ਆਦਿ ਪ੍ਰੀਖਿਆਵਾਂ ਦੀ ਤਿਆਰੀ ਲਈ ਅਹਿਮ ਸਥਾਨ ਸਾਬਤ ਹੋਣਗੀਆਂ। ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਾਲਾਂ ਵਿਚ ਸਰਕਾਰਾਂ ਨੇ ਸਿੱਖਿਆ, ਖੇਡਾਂ ਤੇ ਸਿਹਤ ਸੇਵਾਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਪਰੰਤੂ ਸ. ਭਗਵੰਤ ਸਿੰਘ ਮਾਣ ਦੀ ਅਗਵਾਈ ਵਾਲੀ ਸੂਬਾ ਸਰਕਾਰ ਇਨ੍ਹਾਂ ਖੇਤਰਾਂ ਵੱਲ ਖਾਸ ਤਵੱਜੋਂ ਦੇ ਰਹੀ ਹੈ ਜਿਸ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਆਉਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜ਼ਿਲ੍ਹਾ ਲਾਇਬ੍ਰੇਰੀ ਵਿਚ ਜਲਦ ਹੀ ਮਾਰਕਫੈੱਡ ਤੇ ਵੇਰਕਾ ਦਾ ਬੂਥ ਲਗਾਇਆ ਜਾ ਰਿਹਾ ਹੈ, ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਕਾਮਨ ਰੂਮ, ਕੰਪਿਊਟਰ ਰੂਮ, ਫਰੀ ਇੰਟਰਨੈੱਟ, ਓਪਨ ਜ਼ਿੰਮ ਅਤੇ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਐਸ.ਡੀ.ਐਮ ਰੂਪਨਗਰ ਹਰਕੀਰਤ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਜਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫਸਰ ਰੰਜਨਾ ਕਟਿਆਲ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।