ਫਾਜ਼ਿਲਕਾ, 26 ਦਸੰਬਰ : ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ ਆਉਣ ਵਾਲੇ 3 —4 ਦਿਨ ਲਈ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਹੈ। ਜਿਸ ਦੇ ਮੱਦੇਨਜਰ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ 27 ਦਸੰਬਰ ਲਈ ਓਰੇਂਜ ਅਲਰਟ ਅਤੇ ਉਸਤੋਂ ਅਗਲੇ ਤਿੰਨ ਦਿਨ ਲਈ ਫਾਜ਼ਿਲਕਾ ਜਿ਼ਲ੍ਹੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਲਈ ਉਨ੍ਹਾਂ ਨੇ ਜਿ਼ਲ੍ਹੇ ਦੇ ਲੋਕਾਂ ਨੂੰ ਸਾਵਧਾਨੀਆਂ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਵਾਹਨ ਹੌਲੀ ਰਫਤਾਰ ਨਾਲ ਚਲਾਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਧੁੰਦ ਵਿਚ ਵਾਹਨ ਚਲਾਊਂਦੇ ਸਮੇਂ ਫੋਗ ਲਾਇਟਾ ਜਗਾ ਕੇ ਰੱਖੀਆਂ ਜਾਣ। ਇਸੇ ਤਰਾਂ ਸੜਕ ਕਿਨਾਰੇ ਜੇਕਰ ਵਾਹਨ ਰੋਕਣਾ ਪਵੇ ਤਾਂ ਸੜਕ ਤੋਂ ਨੀਚੇ ਉਤਾਰ ਕੇ ਰੋਕਿਆ ਜਾਵੇ ਤਾਂ ਜੋ ਪਿੱਛੇ ਤੋਂ ਆ ਰਹੇ ਵਾਹਨ ਨਾਲ ਟੱਕਰ ਦਾ ਖਤਰਾ ਨਾ ਰਹੇ। ਇਸੇ ਤਰਾਂ ਉਨ੍ਹਾਂ ਨੇ ਕਿਹਾ ਕਿ ਸੰਘਣੀ ਧੁੰਦ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਖਾਸ ਕਰਕੇ ਬੱਚਿਆਂ ਅਤੇ ਬਜੁਰਗਾਂ ਨੂੰ। ਇਸ ਲਈ ਬੱਚੇ ਅਤੇ ਬਜੁਰਗ ਸੰਘਣੀ ਧੁੰਦ ਦੇ ਸਮੇਂ ਬਹੁਤ ਜਰੂਰੀ ਹੋਣ ਤੇ ਹੀ ਬਾਹਰ ਨਿਕਲਣ।