- ਜ਼ਿਲ੍ਹੇ ਵਿੱਚ 5 ਖੇਡ ਮੈਦਾਨ ਬਣਾਏ ਜਾਣਗੇ- ਸੁਖਜੀਤ ਢਿੱਲਵਾਂ
ਫ਼ਰੀਦਕੋਟ 24 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਸ਼ਾ ਮੁਕਤ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਫ਼ਰੀਦਕੋਟ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਜਲਦ ਹੀ 5 ਮਾਡਲ ਖੇਡ ਮੈਦਾਨ ਬਣਾਏ ਜਾਣਗੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਸੁਖਜੀਤ ਸਿੰਘ ਢਿੱਲਵਾਂ ਨੇ ਦੱਸਿਆ ਕਿ ਇਸ ਸਬੰਧੀ ਅੱਜ ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ(ਵਿ) ਸ. ਨਰਭਿੰਦਰ ਸਿੰਘ ਗਰੇਵਾਲ ਨਾਲ ਗੱਲਬਾਤ ਕਰਕੇ ਇਸ ਪ੍ਰਾਜੈਕਟ ਸਬੰਧੀ ਤਜਵੀਜ ਮੰਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਉਨ੍ਹਾਂ ਪਿੰਡਾਂ ਵਿੱਚ ਜਿਥੇ ਖੇਡ ਮੈਦਾਨਾਂ ਦੀ ਸਖਤ ਜ਼ਰੂਰਤ ਹੈ ਉਥੇ ਜਲਦ ਹੀ ਜਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਇਸ ਕੰਮ ਨੂੰ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਇਨ੍ਹਾਂ ਬਣਨ ਵਾਲੇ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਲਈ ਹਰ ਮੁੱਢਲੀ ਸਹੂਲਤ ਉਪਲੱਬਧ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਪਿੰਡਾਂ ਦੇ ਨਜਦੀਕ ਹਾਲ ਦੀ ਘੜੀ ਨੌਜਵਾਨਾਂ ਲਈ ਅਜਿਹੀ ਕੋਈ ਵਿਵਸਥਾ ਨਹੀਂ ਹੈ ਉਨ੍ਹਾਂ ਪਿੰਡਾਂ ਨੂੰ ਇਸ ਪ੍ਰਾਜੈਕਟ ਵਿੱਚ ਸ਼ਾਮਿਲ ਕਰਨ ਲਈ ਤਰਜੀਹ ਦਿੱਤੀ ਜਾਵੇਗੀ। ਸ. ਢਿੱਲਵਾਂ ਨੇ ਦੱਸਿਆ ਕਿ ਇਸ ਇਲਾਕੇ ਦੇ ਪਿੰਡਾਂ ਦੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਸ਼ਵ ਪੱਧਰ ਦੇ ਖਿਡਾਰੀਆਂ ਜਿਵੇਂ ਕਿ ਸ਼ੂਟਰ ਸਿਫਤ ਕੌਰ ਸਮਰਾ ਨੂੰ ਪੰਜਾਬ ਸਰਕਾਰ ਨੇ ਕੁਝ ਦਿਨ ਪਹਿਲਾਂ 1.75 ਕਰੋੜ ਦਾ ਚੈਕ ਦੇ ਕੇ ਹੌਂਸਲਾ ਅਫਜਾਈ ਕੀਤੀ ਹੈ।ਇਸ ਨਾਲ ਹੋਰਨਾਂ ਖਿਡਾਰੀਆਂ ਨੂੰ ਵੀ ਖੇਡਾਂ ਵਿੱਚ ਮੱਲਾਂ ਮਾਰ ਕੇ ਅਜਿਹੀਆਂ ਪ੍ਰਾਪਤੀਆਂ ਹਾਸਿਲ ਕਰਨ ਲਈ ਸੇਧ ਮਿਲਦੀ ਹੈ ਅਤੇ ਉਹ ਵੀ ਖੇਡਾਂ ਰਾਹੀਂ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਕੌਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋੜ ਹੈ ਅਜਿਹੇ ਨੌਜਵਾਨਾਂ ਨੂੰ ਢੁੱਕਵੀਂ ਮੁੱਢਲੀ ਸਹਾਇਤਾ ਦੇ ਕੇ ਅੱਗੇ ਲਿਆਉਣ ਲਈ ਖੇਡ ਮੈਦਾਨ ਬਣਾਏ ਜਾਣ ਤਾਂ ਜੋ ਉਹ ਦਿਨ ਰਾਤ ਮਿਹਨਤ ਕਰਕੇ ਤਗਮੇ ਪ੍ਰਾਪਤ ਕਰਨ ਸਕਣ। ਇਸ ਕੰਮ ਨੂੰ ਨੇਪਰੇ ਚੜਾਉਣ ਲਈ ਫੰਡਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕੁਝ ਪੈਸਾ ਤਾਂ ਉਨ੍ਹਾਂ ਦੇ ਅਖਤਿਆਰੀ ਕੋਟੇ ਵਿਚੋਂ ਅਤੇ ਬਾਕੀ ਦੇ ਪੈਸੇ ਪ੍ਰਪੋਜਲ ਰਿਪੋਰਟ ਬਣਾ ਕੇ ਸਰਕਾਰ ਪਾਸੋਂ ਵੀ ਪੈਸੇ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੈਦਾਨਾਂ ਦੀ ਉਸਾਰੀ ਨੂੰ ਅਮਲੀ ਜਾਮਾ ਪਹਿਨਾਉਣ ਲਈ ਜਲਦ ਹੀ ਜਮੀਨੀ ਪੱਧਰ ਤੇ ਕਾਰਵਾਈ ਵਿੱਢੀ ਜਾਵੇਗੀ।