- ਸ਼ੋਮਣੀ ਕਮੇਟੀ ਚੋਣਾਂ ਲਈ ਕੇਸਾਧਾਰੀ ਸਿੱਖਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਵਾਉਣ ਦੀ ਕੀਤੀ ਅਪੀਲ
ਪਟਿਆਲਾ, 15 ਜਨਵਰੀ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਗਾਮੀ ਚੋਣਾਂ ਲਈ ਵੱਧ ਤੋਂ ਵੱਧ ਕੇਸਾਧਾਰੀ ਸਿੱਖ ਵੋਟਰਾਂ ਨੂੰ ਆਪਣੀਆਂ ਵੋਟਾਂ ਬਣਵਾਉਣ ਦੀ ਅਪੀਲ ਕੀਤੀ ਹੈ।ਉਨ੍ਹਾਂ ਨੇ ਇਸ ਸਬੰਧੀਂ ਸਥਾਨਕ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਬੈਠਕ ਕੀਤੀ।ਉਨ੍ਹਾਂ ਕਿਹਾ ਕਿ ਹਰੇਕ 21 ਸਾਲ ਤੋਂ ਵੱਧ ਉਮਰ ਦੇ ਕੇਸਾਧਾਰੀ ਸਿੱਖ ਜੋ ਆਪਣੀ ਦਾੜ੍ਹੀ ਜਾਂ ਕੇਸ ਨਾ ਕੱਟਦੇ ਹੋਣ ਜਾਂ ਸ਼ੇਵ ਨਾ ਕਰਦੇ ਹੋਣ, ਤੇ ਸਿਗਰਟ, ਸ਼ਰਾਬ ਨਾ ਪੀਂਦੇ ਹੋਣ ਅਤੇ ਮਾਸ ਦਾ ਸੇਵਨ ਨਾ ਕਰਦੇ ਹੋਣ, 29 ਫਰਵਰੀ ਤੱਕ ਆਪਣੀ ਵੋਟ ਬਣਵਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਇੱਥੇ ਸਰਹਿੰਦ ਰੋਡ ”ਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਦੀਵਾਨ ਹਾਲ ਵਿਖੇ ਕੀਤੀ ਬੈਠਕ ਮੌਕੇ ਦੱਸਿਆ ਕਿ ਕਮਿਸ਼ਨਰ, ਗੁਰਦੁਆਰਾ ਚੋਣਾਂ, ਪੰਜਾਬ ਵੱਲੋਂ ਸਿੱਖ ਗੁਰਦੁਆਰਾ ਬੋਰਡ ਚੋਣ ਨਿਯਮਾਵਲੀ 1959 ਅਧੀਨ ਗੁਰਦੁਆਰਾ ਵੋਟਰ ਸੂਚੀ ਦੀ ਤਿਆਰੀ ਦਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਅਨੁਸਾਰ ਮਿਤੀ 29.02.2024 ਤੱਕ ਵੋਟਾਂ ਦੀ ਰਜਿਸਟਰੇਸ਼ਨ ਕੀਤੀ ਜਾਣੀ ਹੈ ਅਤੇ ਮਿਤੀ 01.03.2024 ਨੂੰ ਮੁੱਢਲੀ ਪ੍ਰਕਾਸ਼ਨਾਂ ਕੀਤੀ ਜਾਣੀ ਹੈ। ਉਨ੍ਹਾਂ ਨੇ ਇਸ ਮੌਕੇ ਮੌਜੂਦ ਨੁਮਾਇੰਦਿਆਂ ਤੋਂ ਇਹ ਵੋਟਾਂ ਬਣਵਾਉਣ ਲਈ ਕਿਸੇ ਪ੍ਰੇ਼ਸ਼ਾਨੀ ਹੋਣ ਬਾਬਤ ਫੀਡਬੈਕ ਵੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਕੇਸਾਧਾਰੀ ਸਿੱਖ, ਜਿੱਥੇ ਵੀ ਉਹ ਰਹਿੰਦਾ ਹੋਵੇ, ਸਬੰਧਤ ਗੁਰਦੁਆਰਾ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਫਾਰਮ ਨੰ. 1 (ਕੇਸਾਧਾਰੀ ਸਿੱਖ ਲਈ) ਭਰ ਕੇ ਪਿੰਡਾਂ/ਸ਼ਹਿਰਾਂ ਵਿੱਚ ਪਟਵਾਰੀਆਂ, ਬੀ.ਐਲ.ਓ, ਡੈਜ਼ੀਗਨੇਟਿਡ ਕਰਮਚਾਰੀਆਂ ਨੂੰ ਦੇ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਵਿੱਚ ਪੈਂਦੇ ਗੁਰਦੁਆਰਾ ਚੋਣ ਹਲਕਾ 52 ਸਮਾਣਾ ਲਈ ਉਪ ਮੰਡਲ ਮੈਜਿਸਟਰੇਟ ਸਮਾਣਾ, 53 ਨਾਭਾ ਅਤੇ 54 ਭਾਦਸੋਂ ਲਈ ਉਪ ਮੰਡਲ ਮੈਜਿਸਟਰੇਟ ਨਾਭਾ, 55-ਡਕਾਲਾ ਅਤੇ 56 ਪਟਿਆਲਾ ਸ਼ਹਿਰ ਲਈ ਉਪ ਮੰਡਲ ਮੈਜਿਸਟਰੇਟ ਪਟਿਆਲਾ, 57 ਸਨੌਰ ਲਈ ਉਪ ਮੰਡਲ ਮੈਜਿਸਟਰੇਟ ਦੁੱਧਨਸਾਧਾਂ ਅਤੇ 59 ਰਾਜਪੁਰਾ ਲਈ ਉਪ ਮੰਡਲ ਮੈਜਿਸਟਰੇਟ ਰਾਜਪੁਰਾ ਦੇ ਦਫ਼ਤਰ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਪਟਿਆਲਾ ਜ਼ਿਲ੍ਹੇ ਦੇ ਯੋਗ ਵਸਨੀਕਾਂ ਨੂੰ ਗੁਰਦੁਆਰਾ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਨ ਲਈ ਫਾਰਮ ਨੰਬਰ 1 ਭਰ ਕੇ ਤੁਰੰਤ ਸਬੰਧਤ ਕਰਮਚਾਰੀ/ਦਫ਼ਤਰ ਵਿੱਚ ਦੇਣ ਅਤੇ ਵੋਟਰ ਰਜਿਸਟਰੇਸ਼ਨ ਦੀ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਅਹਿਮ ਕੰਮ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਈ ਜਾਵੇ। ਇਸ ਮੌਕੇ ਖ਼ਾਲਸਾ ਸ਼ਤਾਬਦੀ ਕਮੇਟੀ ਪਟਿਆਲਾ ਦੇ ਪ੍ਰਧਾਨ ਹਰਮਿੰਦਰ ਸਿੰਘ ਵਿੰਟੀ ਸੱਭਰਵਾਲ, ਮਨਜੀਤ ਸਿੰਘ ਸਾਹਨੀ, ਜਸਪਾਲ ਸਿੰਘ ਚੱਡਾ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਦੀਵਾਨ ਹਾਲ ਦੁਖਨਿਵਾਰਨ ਕਲੋਨੀ ਸਰਹੰਦ ਰੋਡ, ਕੁਲਬੀਰ ਸਿੰਘ ਆਨੰਦ, ਦਵਿੰਦਰ ਸਿੰਘ ਸਾਹਨੀ, ਦਵਿੰਦਰ ਸਿੰਘ ਸਪਰਾ, ਦਵਿੰਦਰ ਪਾਲ ਸਿੰਘ ਟਲ, ਨਿਰਭੈਜੀਤ ਸਿੰਘ ਮੰਨੀ, ਸਤਨਾਮ ਸਿੰਘ, ਦਵਿੰਦਰ ਪਾਲ ਸਿੰਘ ਲਾਡਾ, ਬਲਬੀਰ ਸਿੰਘ ਬਿੰਦਰਾ ਕਲੋਨੀ, ਮਹਿੰਦਰ ਸਿੰਘ ਪ੍ਰਧਾਨ ਪ੍ਰੀਤ ਨਗਰ, ਵਰਿੰਦਰ ਸਿੰਘ ਸੱਭਰਵਾਲ ਸਮੇਤ ਹੋਰ ਪਤਵੰਤੇ ਮੌਜੂਦ ਸਨ।