ਲੋਕ ਮੰਚ ਪੰਜਾਬ ਵੱਲੋਂ ਪ੍ਰਸਿੱਧ ਗਾਇਕ ਤੇ ਗੀਤਕਾਰ ਪਾਲੀ ਦੇਤਵਾਲੀਆ ਨੂੰ ਦੂਜਾ ਨੰਦ ਲਾਲ ਨੂਰਪੁਰੀ ਯਾਦਗਾਰੀ ਪੁਰਸਕਾਰ ਪ੍ਰਦਾਨ

ਲੁਧਿਆਣਾ, 21 ਨਵੰਬਰ : ਪੰਜਾਬੀ ਸੰਗੀਤ ਅਤੇ ਗੀਤਕਾਰੀ ਦੀ ਞਿਸ਼ਵ ਪ੍ਰਸਿੱਧ ਹਸਤੀ, ਸਾਫ ਸੁਥਰੇ ਗੀਤਾਂ ਨੂੰ ਸਭਿਆਚਾਰ ਅਤੇ ਸਰੋਤਿਆ ਦੀ ਝੋਲੀ ਪਾਉਣ ਞਾਲੇ  ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਨੂੰ ਪੰਜਾਬੀ ਗੀਤਕਾਰੀ ਦੇ ਯੁਗ ਪੁਰਸ਼" ਸ਼੍ਰੀ ਨੰਦ ਲਾਲ ਨੂਰਪੁਰੀ ਪੁਰਸਕਾਰ" ਲੋਕ ਮੰਚ ਪੰਜਾਬ ਵੱਲੋਂ ਇੱਕ ਲੱਖ ਰੁਪਏ ਦੀ ਧਨ ਰਾਸ਼ੀ ਤੇ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਹੈ । ਇਹ ਪੁਰਸਕਾਰ ਜਲੰਧਰ ਸਥਿਤ ਪੰਜਾਬ ਦੀ ਗੌਰਵਮਈ ਸੰਸਥਾ ਲੋਕ ਮੰਚ ਪੰਜਾਬ  ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ  ਲੁਧਿਆਣਾ ਵਿਖੇ ਆਦਰ ਸਾਹਿਤ ਭੇਂਟ ਕੀਤਾ। ਸ਼੍ਰੀ ਪ੍ਰੀਤਪਾਲ ਸਿੰਘ “ਪਾਲੀ ਦੇਤਵਾਲੀਆ “ਨੂੰ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਵੀ  ਭਾਸ਼ਾ ਵਿਭਾਗ ਰਾਹੀਂ  ਸ਼੍ਰੋਮਣੀ ਗਾਇਕ ਪੁਰਸਕਾਰ  ਦੇ  ਦਾ ਐਲਾਨ ਹੋਇਆ ਹੋਇਆ ਹੈ। ਇਹ ਪੁਰਸਕਾਰ ਲੋਕ ਮੰਚ ਪੰਜਾਬ ਵੱਲੋਂ ਸੁਰਿੰਦਰ ਸਿੰਘ ਸੁੱਨੜ , ਡਾਃ ਲਖਵਿੰਦਰ ਸਿੰਘ ਜੌਹਲ ਨੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾਃ ਸੁਰਜੀਤ ਪਾਤਰ, ਪੁਨੀਤ ਸਹਿਗਲ ਕੇਂਦਰ ਨਿਰਦੇਸ਼ਕ ਦੂਰਦਰਸ਼ਨ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਗਿੱਲ, ਅਕਾਡਮੀ ਦੇ ਜਨਰਲ ਸਕੱਤਰ ਡਾ ਗੁਰਇਕਬਾਲ ਸਿੰਘ ਤੇ ਪੀ ਏ ਯੂ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾਃ ਨਿਰਮਲ ਜੌੜਾ ਨੇ ਭੇਟ ਕੀਤਾ। ਇਸ ਮੌਕੇ ਬੋਲਦਿਆਂ ਡਾਃ ਸੁਰਜੀਤ ਪਾਤਰ ਨੇ ਕਿਹਾ ਕਿ ਪਾਲੀ ਦੇਤਵਾਲੀਆ ਲੰਮੇ ਸਮੇਂ ਤੋਂ ਸੁੱਚੇ ਸੁਥਰੇ ਰਿਸ਼ਤਿਆਂ ਦਾ ਗੀਤਕਾਰ ਤੇ ਗਾਇਕ ਹੈ। ਉਸ ਨੂੰ ਗੁਰਭਜਨ ਗਿੱਲ ਤੋਂ ਅਗਲਾ ਨੰਦ ਲਾਲ ਨੂਰਪੁਰੀ ਪੁਰਸਕਾਰ ਦੇਣ ਨਾਲ ਪੁਰਸਕਾਰ ਦੇਣ ਤੇ ਲੈਣ ਵਾਲਿਆਂ ਦਾ ਸਨਮਾਨ ਵਧਿਆ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪਾਲੀ ਦੇਤਵਾਲੀਆ ਸਿਰਫ਼ ਆਪਣੇ ਲਿਖੇ ਗੀਤ ਹੀ ਨਹੀਂ ਗਾਉਂਦਾ ਸਗੋਂ ਜਿੱਥੋਂ ਕਿਤੇ ਚੰਗਾ ਗੀਲ ਲੱਭੇ, ਗਾਉਣ ਤੋਂ ਗੁਰੇਜ਼ ਨਹੀਂ ਕਰਦਾ। ਉਸ ਨੇ ਹਰਦੇਵ ਦਿਲਗੀਰ ਦਾ ਲਿਖਿਆ ਗੀਤ “ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ” ਗਾ ਕੇ ਸ਼ਹਿਰ ਅਧੀਨ ਆਏ ਪਿੰਡਾਂ ਦਾ ਦਰਦ ਪੇਸ਼ ਕੀਤਾ ਹੈ। ਅਤਿਵਾਦ ਦੇ ਕਾਲ਼ੇ ਪਰਛਾਵਿਆਂ ਖਿਲਾਫ਼ ਮੇਰਾ ਗੀਤ ਸਾਨੂੰ “ਮੋੜ ਦਿਉ ਰੰਗਲਾ ਪੰਜਾਬ” ਉਸਨੇ ਘਰ ਘਰ ਪਹੁੰਚਾਇਆ। ਜੇਕਰ ਉਸ ਨੂੰ ਪੰਜਾਬੀ ਸਭਿਆਚਾਰ ਦਾ ਸਰਵਣ ਪਿੱਤਰ ਕਹਿ ਲਈੰਏ ਤਾਂ ਕੋਈ ਅਤਿਕਥਨੀ ਨਹੀਂ। ਦੂਰਦਰਸ਼ਨ ਕੇਂਦਰ ਜਲੰਧਰ ਦੇ ਡਿਪਟੀ ਡਾਇਰੈਕਟਰ ਜਨਰਲ (ਪ੍ਰੋਗਰਾਮਜ਼) ਸ਼੍ਰੀ ਪੁਨੀਤ ਸਹਿਗਲ ਨੇ ਕਿਹਾ ਕਿ ਪਾਲੀ ਦੇਤਵਾਲੀਆ ਦੇ ਸਦਾਬਹਾਰ ਗੀਤ ਦੂਰਦਰਸ਼ਨ ਦੀ ਪਹਿਲੀ ਪਸੰਦ ਹਨ ਕਿਉੰੰਕਿ ਇਨ੍ਹਾਂ ਵਿੱਚ ਰਿਸ਼ਤਿਆਂ ਦੀ ਮਹਿਕ ਹੈ। ਡਾਃ ਲਖਵਿੰਦਰ ਸਿੰਘ ਜੌਹਲ ਚੇਅਰਮੈਨ ਲੋਕ ਮੰਚ ਪੰਜਾਬ ਤੇ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਕਿਹਾ ਕਿ ਪਾਲੀ ਦੇਤਵਾਲੀਆ ਸਹੀ ਅਰਥਾਂ ਚ ਨੰਦ ਲਾਲ ਨੂਰਪੁਰੀ ਜੀ ਦਾ ਵਾਰਿਸ ਹੈ ਜਿਸ ਨੇ ਪੰਜਾਬ ਦੀਆਂ ਮੁਟਿਆਰਾਂ ਨੂੰ ਸੁੱਚੀ ਅੱਖ ਨਾਲ ਵੇਖਿਆ ਹੈ। ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਪਾਲੀ ਦੇਤਵਾਲੀਆ ਦੀ ਗੀਤਕਾਰੀ ਦੇ ਪ੍ਰਸੰਗ ਵਿੱਚ ਸਮੁੱਚੇ ਗੀਤ ਜਗਤ ਦਾ ਮੁੱਲਾਂਕਣ ਪੇਸ਼ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ ਯੁਵਕ ਭਲਾਈ ਡਾਃ ਨਿਰਮਲ ਸਿੰਘ ਜੌੜਾ ਨੇ ਪਾਲੀ ਦੇਤਵਾਲੀਆ ਦਾ ਸਨਮਾਨ ਪੱਤਰ ਪੜ੍ਹਿਆ। ਲੋਕ ਮੰਚ ਦੇ ਪ੍ਰਧਾਨ ਸਃ ਸੁਰਿੰਦਰ ਸਿੰਘ ਸੁੰਨੜ ਨੇ ਕਿਹਾ ਕਿ ਨੰਦ ਲਾਲ ਨੂਰਪੁਰੀ ਜੀ ਦੀ ਯਾਦ ਵਿੱਚ ਪੁਰਸਕਾਰ ਸਥਾਪਿਤ ਕਰਨਾ ਸਾਡੀ ਸਮਾਜਿਕ ਜ਼ੁੰਮੇਵਾਰੀ ਸੀ ਕਿਉਂਕਿ ਜਿੰਨੀ ਅਲਗਰਜ਼ੀ ਨਾਲ ਅਸਾਂ ਪੰਜਾਬੀਆਂ ਏਡੇ ਵੱਡੇ ਗੀਤਕਾਰ ਨੂੰ ਵਿਸਾਰਿਆ ਸੀ, ਉਹ ਮੁਆਫ਼ੀ ਯੋਗ ਜੁਰਮ ਨਹੀਂ ਹੈ। ਨੂਰਪੁਰੀ ਸਾਹਿਬ ਪੰਜਾਬੀ ਗੀਤਕਾਰੀ ਦੀ ਸਿਰਮੌਰ ਟੀਸੀ ਸਨ।