ਪਟਿਆਲਾ, 30 ਮਈ : ਪਟਿਆਲਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ 'ਚ ਉਦਮੀਆਂ ਲਈ 'ਏਕੀਕ੍ਰਿਤ ਕਮਿਊਨਿਟੀ ਸਾਇੰਸ ਤੇ ਤਕਨਾਲੋਜੀ' ਵਿਸ਼ੇ 'ਤੇ 24 ਤੋਂ 30 ਮਈ ਤੱਕ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ ਪਟਿਆਲਾ ਜ਼ਿਲ੍ਹੇ ਦੇ ਚੌਰਾ, ਰਾਏਪੁਰ ਮੰਡਲਾਂ, ਹਿਆਣਾ ਕਲਾਂ, ਨਾਭਾ ਅਤੇ ਬਹਾਦਰਗੜ੍ਹ ਦੀਆਂ 22 ਕਿਸਾਨ ਔਰਤਾਂ ਨੇ ਭਾਗ ਲਿਆ। ਇਸ ਮੌਕੇ ਐਸੋਸੀਏਟ ਪ੍ਰੋਫੈਸਰ (ਗ੍ਰਹਿ ਵਿਗਿਆਨ) ਗੁਰਉਪਦੇਸ਼ ਕੌਰ ਨੇ ਸਜਾਵਟੀ ਕੱਪੜਿਆਂ ਦੇ ਵੱਖ-ਵੱਖ ਤਰ੍ਹਾਂ ਦੇ ਹੱਥ ਦੀ ਕਢਾਈ ਦੇ ਟਾਂਕੇ, ਫੈਬਰਿਕ ਪੇਂਟਿੰਗ ਅਤੇ ਸਾਬਣ ਬਣਾਉਣ ਸਬੰਧੀ ਸਿੱਖਿਆਰਥੀਆਂ ਨੂੰ ਟਰੇਨਿੰਗ ਦਿੱਤੀ। ਸਿਖਲਾਈ ਦੌਰਾਨ ਸਿੱਖਿਆਰਥੀਆਂ ਨੂੰ ਰੋਜ਼ਾਨਾ ਖੁਰਾਕ ਵਿੱਚ ਮਿਲਟਸ ਦੀ ਵਰਤੋਂ ਬਾਰੇ ਵੀ ਦੱਸਿਆ ਗਿਆ। ਐਸੋਸੀਏਟ ਪ੍ਰੋਫੈਸਰ (ਐੱਫ. ਐੱਸ. ਟੀ.) ਡਾ. ਰਜਨੀ ਗੋਇਲ ਨੇ ਅੰਬਾਂ ਤੋਂ ਤਿਆਰ ਹੋਣ ਵਾਲੇ ਵੱਖ ਵੱਖ ਉਤਪਾਦਾਂ ਸਬੰਧੀ ਜਾਣਕਾਰੀ ਦਿੱਤੀ। ਟਰੇਨਿੰਗ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸਿਖਲਾਈ ਪ੍ਰਾਪਤ ਗੁਰੂ ਕਿਰਪਾ ਸਵੈ-ਸਹਾਇਤਾ ਸਮੂਹ, ਕਲਿਆਣ ਵੱਲੋਂ ਸਿੱਖਿਆਰਥੀਆਂ ਨੂੰ ਦੁਪਹਿਰ ਦੇ ਖਾਣਾ ਦਿੱਤਾ ਗਿਆ ਜਿਸ 'ਚ ਰੋਜ਼ਾਨਾ ਮਿਲਟਸ ਤੋਂ ਤਿਆਰ ਵਸਤਾਂ ਪਰੋਸੀਆਂ ਗਈਆਂ। ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਸਿਖਲਾਈ) ਕੇ.ਵੀ.ਕੇ, ਸੰਗਰੂਰ ਨੇ ਔਰਤਾਂ ਨੂੰ ਰੰਗਾਈ ਅਤੇ ਹੱਥਾਂ ਨਾਲ ਬਣੇ ਸਾਬਣ ਬਣਾਉਣ ਵਰਗੇ ਕਿੱਤੇ ਅਪਣਾ ਕੇ ਆਤਮ ਨਿਰਭਰ ਬਣਨ ਲਈ ਪ੍ਰੇਰਿਤ ਕੀਤਾ। ਉਪਰੰਤ ਡਾ. ਰਚਨਾ ਸਿੰਗਲਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਭਾਗੀਦਾਰਾਂ ਨੂੰ ਫਲਦਾਰ ਬੂਟੇ ਲਗਾਉਣ ਦੀ ਸਲਾਹ ਦਿੱਤੀ।