ਲਹਿਰਾਗਾਗਾ, 25 ਦਸੰਬਰ : ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਜੋਰਾਵਰ ਸਿੰਘ, ਫਤਿਹ ਸਿੰਘ, ਅਜੀਤ ਸਿੰਘ, ਜੁਝਾਰ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਲਾਸਾਨੀ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ਧਾਰਮਿਕ ਕੀਰਤਨ-ਦਰਬਾਰ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸੱਤਵੀਂ ਕਲਾਸ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਰੱਤਾਖੇੜਾ ਨੇ ਸ਼ਬਦ ਗਾਇਨ ਪੇਸ਼ ਕੀਤਾ। ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਗਾਗਾ ਤੋੰ ਆਏ ਗ੍ਰੰਥੀ ਭਾਈ ਗੁਰਦੀਪ ਸਿੰਘ ਅਤੇ ਹਜ਼ੂਰੀ ਰਾਗੀ ਗੁਰਪ੍ਰੀਤ ਸਿੰਘ ਨੇ ਵੈਰਾਗਮਈ ਕੀਰਤਨ ਅਤੇ ਸਿੱਖ ਧਰਮ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਕਰਵਾਇਆ। ਸਕੂਲ ਦੇ ਬੱਚਿਆਂ ਰਣਜੋਧ ਸਿੰਘ, ਧੀਰਜ ਸ਼ਰਮਾ, ਖੁਸ਼ਪ੍ਰੀਤ ਕੌਰ ਸਿੱਧੂ, ਦਿਲਵੀਰ ਕੌਰ, ਅਕਸ਼ਮ, ਅੰਸ਼ਿਕਾ, ਏਕਨੂਰ ਕੌਰ, ਪ੍ਰਿਆ ਗੁਪਤਾ, ਏਂਜਲ,ਗੁਰਸੀਰਤ ਕੌਰ, ਦੀਪਿੰਦਰ ਕੌਰ, ਜਪਨੀਤ ਕੌਰ, ਦਮਨਵੀਰ ਕੌਰ, ਨਿਸ਼ਠਾ ਨੇ ‘ਮਿੱਤਰ ਪਿਆਰੇ ਨੂੰ’ ਸ਼ਬਦ ਗਾਇਨ ਕੀਤਾ। ਸ਼ੁਭਪ੍ਰੀਤ ਸਿੰਘ, ਹਰਸ਼ਦੀਪ ਸਿੰਘ, ਜੋਬਨਦੀਪ ਸਿੰਘ ਅਤੇ ਰਾਜਬੀਰ ਸਿੰਘ ਨੇ ਕਵਿਸ਼ਰੀਆਂ ਰਾਹੀਂ ਇਤਿਹਾਸ ਦੀ ਪੇਸ਼ਕਾਰੀ ਕੀਤੀ। ‘ਨਾਨਕ ਵੇਲ਼ਾ’ ਪੁਸਤਕ ਦੇ ਲੇਖ਼ਕ ਡਾ. ਜਗਦੀਸ਼ ਪਾਪੜਾ ਨੇ ਮੱਧਕਾਲ ਦੇ ਵਿਸ਼ਵ ਇਤਿਹਾਸ ‘ਤੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਜਿਸ ਵੇਲ਼ੇ ਗੁਰੂ ਨਾਨਕ ਸਾਹਿਬ ਇਸ ਦੁਨੀਆ ਉੱਤੇ ਵਿਚਰੇ, ਉਹ ਸੰਸਾਰ ਇਤਿਹਾਸ ਦਾ ਕੋਈ ਸਾਧਾਰਨ ਵੇਲ਼ਾ ਨਹੀਂ ਸੀ। ਪੰਦਰ੍ਹਵੀਂ ਅਤੇ ਸੋਲ੍ਹਵੀਂ ਸਦੀ ਦੇ ਵਿਚਕਾਰਲਾ ਇੱਕ ਸਦੀ ਦਾ ਉਹ ਦੌਰ ਉੱਥਲ-ਪੁੱਥਲਾਂ ਦਾ ਦੌਰ ਸੀ। ਉਸ ਵੇਲ਼ੇ ਸੰਸਾਰ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ। ਇਨ੍ਹਾਂ ਤਬਦੀਲੀਆਂ ਨੇ ਪੂਰੇ ਸੰਸਾਰ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ। ਧਰਮ, ਗਿਆਨ, ਕਲਾ, ਰਾਜਨੀਤੀ, ਨੈਤਿਕਤਾ, ਫ਼ਿਲਾਸਫ਼ੀ ਅਤੇ ਵਿਗਿਆਨ ਦੇ ਖੇਤਰਾਂ ਵਿੱਚ ਯੁੱਗ ਪਲਟਾਊ ਅਤੇ ਫੈਸਲਾਕੁਨ ਕਾਰਨਾਮੇ ਹੋਏ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਜ਼ੁਲਮ ਖ਼ਿਲਾਫ਼ ਸੰਘਰਸ਼ ਕਰਦਿਆਂ ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ, ਸਾਨੂੰ ਵੀ ਉਹਨਾਂ ਦੇ ਦਰਸਾਏ ਰਸਤੇ ‘ਤੇ ਚੱਲਣਾ ਚਾਹੀਦਾ ਹੈ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਦੁਨੀਆ ਦੇ ਇਤਿਹਾਸ ‘ਚ ਕੁਰਬਾਨੀ ਦੀ ਅਜਿਹੀ ਮਿਸਾਲ ਨਹੀਂ ਮਿਲਦੀ। ਉਹਨਾਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਦੇ ਵਿਚਾਰਾਂ ਨੂੰ ਅਮਲੀ ਰੂਪ ‘ਚ ਜ਼ਿੰਦਗੀ ‘ਚ ਢਾਲਣਾ ਚਾਹੀਦਾ ਹੈ। ਅਮਨਦੀਪ ਸਿੰਘ, ਮਨਦੀਪ ਸਿੰਘ ਅਤੇ ਤਾਰੀ ਗਾਗਾ ਨੇ ਪ੍ਰੋਗਰਾਮ ਲਈ ਸਹਿਯੋਗ ਦਿੱਤਾ।