- ਡਾ. ਬਲਬੀਰ ਸਿੰਘ ਨੇ ਨੌਜਵਾਨ ਕਿਸਾਨ ਦੀ ਮੌਤ 'ਤੇ ਦੁੱਖ ਪ੍ਰਗਟਾਇਆ, ਰਾਜਿੰਦਰਾ ਹਸਪਤਾਲ ਪੁੱਜ ਦਾਖਲ ਜਖ਼ਮੀ ਕਿਸਾਨਾਂ ਦਾ ਹਾਲ-ਚਾਲ ਜਾਣਿਆ
- ਸਿਹਤ ਮੰਤਰੀ ਰਾਜਿੰਦਰਾ ਹਸਪਤਾਲ ਪੁੱਜੇ, ਦਾਖਲ ਜਖ਼ਮੀ ਕਿਸਾਨਾਂ ਦਾ ਹਾਲ-ਚਾਲ ਜਾਣਿਆ
- ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ
ਪਟਿਆਲਾ, 21 ਫਰਵਰੀ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਖਨੌਰੀ ਬਾਰਡਰ 'ਤੇ ਅੱਜ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਹੋਈ ਮੌਤ 'ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦੀ ਤਰਫ਼ੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਪੰਜਾਬ ਸਰਕਾਰ ਕਿਸਾਨਾਂ ਦੇ ਦੁੱਖ 'ਚ ਸ਼ਰੀਕ ਹੈ। ਸਿਹਤ ਮੰਤਰੀ ਅੱਜ ਸ਼ਾਮ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਪੁੱਜੇ ਅਤੇ ਖਨੌਰੀ ਬਾਰਡਰ 'ਤੇ ਜਖ਼ਮੀ ਹੋਣ ਮਗਰੋਂ ਇਲਾਜ ਲਈ ਇੱਥੇ ਦਾਖਲ ਕਰਵਾਏ ਕਿਸਾਨਾਂ ਦਾ ਹਾਲ-ਚਾਲ ਜਾਣਿਆ। ਸਿਹਤ ਮੰਤਰੀ ਨੇ ਕਿਹਾ ਕਿ ਸਾਡਾ ਦੇਸ਼ ਇੱਕ ਹੈ ਪਰੰਤੂ ਕੇਂਦਰ ਸਰਕਾਰ ਵੱਲੋਂ ਉਤਰ-ਪੂਰਬੀ ਰਾਜਾਂ ਵਰਗੇ ਹਾਲਾਤ ਬਣਾਏ ਜਾ ਰਹੇ ਹਨ ਅਤੇ ਅੰਤਰਰਾਜੀ ਸਰਹੱਦ ਨੂੰ ਕੌਮਾਂਤਰੀ ਸਰਹੱਦ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਨੈਸ਼ਨਲ ਹਾਈਵੇਅ ਵਰਤਕੇ ਅੱਗੇ ਜਾਣ ਵਾਲੇ ਅਤੇ ਆਪਣੀਆਂ ਜਾਇਜ਼ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਗੋਲੀਆਂ ਤੇ ਅੱਥਰੂ ਗੈਸ ਦੇ ਗੋਲੇ ਦਾਗਣੇ ਲੋਕਤੰਤਰ ਦਾ ਕਤਲ ਹੈ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨਾਂ ਦੇ ਨਾਲ ਹੈ ਅਤੇ ਜਖ਼ਮੀ ਕਿਸਾਨਾਂ ਦਾ ਮੁਫ਼ਤ ਇਲਾਜ ਅਤੇ ਜਖ਼ਮੀਆਂ ਦੀ ਸੰਭਾਲ ਕਰਕੇ ਉਨ੍ਹਾਂ ਨੂੰ ਹਸਪਤਾਲ ਲਿਆਉਣ ਲਈ ਐਂਬੂਲੈਂਸਾਂ ਤਾਇਨਾਤ ਕੀਤੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਹਰਿਆਣਾ ਨਾਲ ਲੱਗਦੇ ਜ਼ਿਲ੍ਹਿਆਂ ਮੋਹਾਲੀ, ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ ਤੇ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲਾਂ ਵਿਖੇ ਜਖ਼ਮੀ ਕਿਸਾਨਾਂ ਦੇ ਇਲਾਜ ਲਈ ਪੂਰੀ ਤਿਆਰੀ ਹੈ ਜਦਕਿ ਬੈਕਅਪ ਸਹਾਇਤਾ ਵਜੋਂ ਫਤਿਹਗੜ੍ਹ ਸਾਹਿਬ ਤੇ ਲੁਧਿਆਣਾ ਦੇ ਹਸਪਤਾਲਾਂ ਤੇ ਐਂਬੂਲੈਂਸਾਂ ਨੂੰ ਵੀ ਤਿਆਰ ਰੱਖਿਆ ਗਿਆ ਹੈ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇਂਦਰ ਦੇ ਮੰਤਰੀਆਂ ਨੂੰ ਬੁਲਾਕੇ ਕਿਸਾਨਾਂ ਨਾਲ ਗੱਲਬਾਤ ਕਰਵਾ ਰਹੇ ਹਨ ਜਦਕਿ ਹਰਿਆਣਾ ਦੇ ਮੁੱਖ ਮੰਤਰੀ ਵੀ ਅਜਿਹਾ ਕਰ ਸਕਦੇ ਸਨ ਕਿਉਂਕਿ ਇਹ ਮਸਲਾ ਗੱਲਬਾਤ ਨਾਲ ਵੀ ਹੱਲ ਹੋ ਸਕਦਾ ਹੈ। ਇਕ ਮੌਕੇ ਕਰਨਲ ਜੇ.ਵੀ ਸਿੰਘ, ਮੈਡੀਕਲ ਸੁਪਰਡੈਂਟ ਡਾ. ਐਚ.ਐਸ ਰੇਖੀ ਵੀ ਮੌਜੂਦ ਸਨ।