- ਕਿਹਾ, 'ਦੇਸ਼ ਦੀ ਸੁਰੱਖਿਆ ਲਈ ਜਾਨ ਵਾਰਨ ਵਾਲੇ ਮੋਹਿਤ ਗਰਗ ਦਾ ਨਾਮ ਸਦਾ ਅਮਰ ਰਹੇਗਾ'
ਸਮਾਣਾ, 3 ਜੂਨ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਦੇ ਭਾਰਤੀ ਹਵਾਈ ਫ਼ੌਜ ਦੇ ਸ਼ਹੀਦ ਫਲਾਇਟ ਲੈਫਟੀਨੈਂਟ ਮੋਹਿਤ ਕੁਮਾਰ ਗਰਗ ਦੀ ਸਾਲਾਨਾ ਬਰਸੀ ਮੌਕੇ ਇੱਥੇ ਵਾਤਾਵਰਣ ਪਾਰਕ ਵਿੱਚ ਸਥਾਪਤ ਯਾਦਗਾਰੀ ਸਮਾਰਕ ਵਿਖੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦ ਮੋਹਿਤ ਗਰਗ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਬਣਕੇ ਰਾਹ ਦਸੇਰਾ ਸਾਬਤ ਹੋਵੇਗਾ। ਇਸ ਮੌਕੇ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਜੂਨ 2019 ਨੂੰ ਭਾਰਤੀ ਹਵਾਈ ਸੈਨਾ ਦੇ ਐਨ.ਏ 32 ਜਹਾਜ ਨੂੰ ਅਸਾਮ ਦੇ ਜੋਰਾਹਟ ਖੇਤਰ 'ਚ ਹਾਦਸਾ ਪੇਸ਼ ਆਉਣ ਕਾਰਨ ਸ਼ਹੀਦ ਹੋਏ ਮੋਹਿਤ ਕੁਮਾਰ ਗਰਗ ਦਾ ਨਾਮ ਸਦਾ ਅਮਰ ਰਹੇਗਾ। ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਦੇਸ਼ ਲਈ ਸ਼ਹੀਦ ਹੋਣ ਵਾਲੇ ਸੁਰੱਖਿਆ ਬਲਾਂ ਦੇ ਜਵਾਨਾਂ ਲਈ ਸਨਮਾਨ ਰਾਸ਼ੀ ਨੂੰ ਵਧਾ ਕੇ ਇੱਕ ਕਰੋੜ ਰੁਪਏ ਕਰ ਦਿੱਤਾ ਹੈ, ਕਿਉਂਕਿ ਅਸੀਂ ਭਾਵੇਂ ਸ਼ਹੀਦ ਦੀ ਕੁਰਬਾਨੀ ਦਾ ਕੋਈ ਮੁੱਲ ਤਾਂ ਨਹੀਂ ਮੋੜ ਸਕਦੇ ਪਰੰਤੂ ਸ਼ਹੀਦ ਦੀ ਸ਼ਹੀਦੀ ਨੂੰ ਸ਼ਰਧਾ ਤੇ ਸਨਮਾਨ ਜਰੂਰ ਭੇਟ ਕਰਦੇ ਹਾਂ। ਜਿਕਰਯੋਗ ਹੈ ਕਿ ਸ਼ਹੀਦ ਫਲਾਇਟ ਲੈਫ਼ਟੀਨੈਟ ਨੇ ਭਾਰਤੀ ਹਵਾਈ ਸੈਨਾ ਦੀ 43ਵੀਂ ਸੁਕੈਂਡਰਨ 'ਚ ਸੇਵਾ ਨਿਭਾਉਂਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਇਸ ਮੌਕੇ ਸ਼ਹੀਦ ਦੇ ਪਿਤਾ ਸੁਰਿੰਦਰਪਾਲ ਗਰਗ, ਭਰਾ ਅਸ਼ਵਨੀ ਗਰਗ, ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ, ਸੁਰਜੀਤ ਸਿੰਘ ਫ਼ੌਜੀ, ਪਵਨ ਸ਼ਾਸਤਰੀ, ਰਾਮ ਬਾਂਸਲ, ਜੇ.ਪੀ. ਗਰਗ, ਦੀਪਕ ਵਧਵਾ ਸਮੇਤ ਸਮਾਣਾ ਦੇ ਹੋਰ ਪਤਵੰਤੇ ਮੌਜੂਦ ਸਨ।