ਲੁਧਿਆਣਾ, 1 ਦਸੰਬਰ : ਪੰਜਾਬੀ ਵਾਰਤਕ ਲੇਖਕ ਜਗਜੀਤ ਸਿੰਘ ਲੋਹਟਬੱਦੀ ਨੇ ਅੱਜ ਆਪਣੀ ਨਵ ਪ੍ਰਕਾਸ਼ਿਤ ਦੂਜੀ ਵਾਰਤਕ ਪੁਸਤਕ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਡਾਃ ਲਾਭ ਸਿੰਘ ਖੀਵਾ ਸਾਬਕਾ ਡੀਨ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ(ਬਠਿੰਡਾ) ਡਾਃ ਨਿਰਮਲ ਸਿੰਘ ਜੌੜਾ, ਡਾਇਰੈਕਟਰ ਵਿਦਿਆਰਥੀ ਭਲਾਈ ਪੀ ਏ ਯੂ ਲੁਧਿਆਣਾ,ਜਸਮੇਰ ਸਿੰਘ ਢੱਟ ਚੇਅਰਮੈਨ ਸਭਿਆਚਾਰਕ ਸੱਥ , ਪੰਜਾਬ ਤੇ ਇੰਪਰੂਵਮੈਂਟ ਟਰਸਟ ਬਰਨਾਲਾ ਦੇ ਸਾਬਕਾ ਚੇਅਰਮੈਨ ਤੇ ਕਹਾਣੀਕਾਰ ਪਰਮਜੀਤ ਸਿੰਘ ਮਾਨ ਨੂੰ ਭੇਂਟ ਕੀਤੀ। ਪੁਸਤਕ ਬਾਰੇ ਗੱਲਬਾਤ ਕਰਦਿਆਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ “ਰੁੱਤ ਫਿਰੀ ਵਣ ਕੰਬਿਆ” ਤੋਂ ਬਾਦ ਜਗਜੀਤ ਸਿੰਘ ਲੋਹਟਬੱਦੀ ਦੀ ਇਸ ਦੂਜੀ ਵਾਰਤਕ ਪੁਸਤਕ ਦਾ ਛਪਣਾ ਉਸ ਦੀ ਨਿਰੰਤਰ ਸਿਰਜਣਸ਼ੀਲਤਾ ਦੀ ਉਦਾਹਰਣ ਹੈ। ਇਸ ਕਿਤਾਬ ਦੀ ਵੱਡੀ ਸਿਫ਼ਤ ਇਹ ਲੱਗਦੀ ਹੈ ਕਿ ਇਸ ਵਿੱਚ ਕਵਿਤਾ ਵਰਗੀ ਰਵਾਨੀ ਤੇ ਸਰੋਦੀ ਅੰਸ਼ ਹੈ। ਮੈਨੂੰ ਮਾਣ ਹੈ ਕਿ ਜਗਜੀਤ ਸਿੰਘ ਪਿਛਲੇ ਤੀਹ ਸਾਲ ਤੋਂ ਸਭਿਆਚਾਰਕ ਸੱਥ ਦਾ ਨਿਸ਼ਕਾਮ ਸਾਥੀ ਹੋਣ ਕਾਰਨ ਮੇਰਾ ਨਿਕਟ ਸਨੇਹੀ ਹੈ। ਡਾਃ ਲਾਭ ਸਿੰਘ ਖੀਵਾ ਨੇ ਕਿਹਾ ਕਿ ਜੁਗਨੂੰਆਂ ਦੇ ਅੰਗ ਸੰਗ ਪੁਸਤਕ ਨੂੰ ਤਾਂ ਅੱਜ ਵੇਖਿਆ ਹੈ ਪਰ ਲੋਹਟਬੱਦੀ ਦੇ ਵਾਰਤਕ ਨਮੂੰਨੇ ਰੋਜ਼ਾਨਾ ਅਖ਼ਬਾਰਾਂ ਤੇ ਮੈਗਜ਼ੀਨਜ਼ ਵਿੱਚ ਮੈਂ ਪਹਿਲਾਂ ਵੀ ਪੜ੍ਹੇ ਹੋਏ ਹਨ। ਇਸ ਪੁਸਤਕ ਦਾ ਮੁੱਖ ਬੰਦ ਲਿਖਦਿਆਂ ਪ੍ਰੋਃ ਬ੍ਰਹਮ ਜਗਦੀਸ਼ ਸਿੰਘ ਤੇ ਪ੍ਰੋਃ ਹਰਿੰਦਰ ਕੌਰ ਸੋਹੀ ਨੇ ਸਹੀ ਕਿਹਾ ਹੈ ਕਿ ਤਰਲਤਾ ਤੇ ਸਰਲਤਾ ਜਗਜੀਤ ਸਿੰਘ ਦੀ ਵਾਰਤਕ ਦੇ ਮੀਰੀ ਗੁਣ ਹਨ। ਡਾਃ ਨਿਰਮਲ ਜੌੜਾ, ਪਰਮਜੀਤ ਮਾਨ ਤੇ ਜਸਮੇਰ ਸਿੰਘ ਢੱਟ ਨੇ ਵੀ ਜਗਜੀਤ ਸਿੰਘ ਲੋਹਟਬੱਦੀ ਨੂੰ ਇਸ ਪੁਸਤਕ ਜੇ ਪ੍ਰਕਾਸ਼ਨ ਤੇ ਮੁਬਾਰਕਬਾਦ ਦਿੱਤੀ। ਇਸ ਪੁਸਤਕ ਦਾ ਪ੍ਰਕਾਸ਼ਨ ਲਾਹੌਰ ਬੁੱਕ ਸ਼ਾਪ ਲੁਧਿਆਣਾ ਨੇ ਕੀਤਾ ਹੈ।