- ਵਿਲੱਖਣ ਅਜੂਬਾ ' ਜੰਨਤ- ਏ- ਜਰਖੜ ' ਦਾ ਹੋਇਆ ਲੋਕ ਅਰਪਣ
- ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕੀਤਾ ਉਦਘਾਟਨ
ਜਰਖੜ, 1 ਜਨਵਰੀ : ਨਾਮਵਰ ਖੇਡ ਲੇਖਕ ਅਤੇ ਬਹੁਪੱਖੀ ਸ਼ਖ਼ਸੀਅਤ ਜਗਰੂਪ ਸਿੰਘ ਜਰਖੜ ਵੱਲੋਂ ਆਪਣੇ ਪਿੰਡ ਜਰਖੜ ਵਿਖੇ ਤਿਆਰ ਕੀਤੇ ਗਏ ਇਕ ਵਿਲੱਖਣ ਅਜੂਬੇ ' ਜੰਨਤ- ਏ- ਜਰਖੜ ' ਦਾ ਅੱਜ ਲੋਕ ਅਰਪਣ ਹੋ ਗਿਆ ਹੈ। ਅਜ਼ਾਦੀ ਤੋਂ ਪਹਿਲਾਂ ਦੇ ਪੰਜਾਬ ਦੀ ਗਵਾਹੀ ਭਰਦੇ ਇਸ ਪ੍ਰੋਜੈਕਟ ਦਾ ਉਦਘਾਟਨ ਸ੍ਰ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪੰਜਾਬ ਸਰਕਾਰ ਅਤੇ ਮੈਂਬਰ ਰਾਜ ਸਭਾ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸਾਂਝੇ ਤੌਰ ਉਤੇ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਖੁੱਡੀਆਂ ਨੇ ਕਿਹਾ ਕਿ ਜਗਰੂਪ ਸਿੰਘ ਜਰਖੜ ਵੱਲੋਂ ਆਪਣੇ ਪੱਧਰ ਉੱਤੇ ਕੀਤਾ ਗਿਆ ਇਹ ਉਪਰਾਲਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸੂਬੇ ਦੇ ਸ਼ਾਨਾਮੱਤੇ ਇਤਿਹਾਸ ਅਤੇ ਵਿਰਾਸਤ ਸਾਂਭਣ ਲਈ ਹੁਣ ਲੋਕ ਆਪ ਮੁਹਾਰੇ ਤੁਰ ਪਏ ਹਨ। ਉਹਨਾਂ ਕਿਹਾ ਕਿ ਅਜਿਹੇ ਉਪਰਾਲੇ ਇਸ ਗੱਲ ਨੂੰ ਹੋਰ ਪੱਕਾ ਕਰਦੇ ਹਨ ਕਿ ਰੰਗਲੇ ਪੰਜਾਬ ਦਾ ਸੁਪਨਾ ਸੱਚ ਹੋਣ ਵਿੱਚ ਹੁਣ ਬਹੁਤੀ ਦੇਰ ਨਹੀਂ। ਉਹਨਾਂ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਸੰਭਾਲਣ ਲਈ ਹੰਭਲਾ ਮਾਰਨ। ਉਹਨਾਂ ਜਗਰੂਪ ਸਿੰਘ ਜਰਖੜ ਵੱਲੋਂ ਕੀਤੇ ਇਸ ਊਧਮ ਲਈ ਉਹਨਾਂ ਦਾ ਧੰਨਵਾਦ ਕੀਤਾ। ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਸਮਾਗਮ ਨੂੰ ਸੰਬੋਧਨ ਕਰਦਿਆਂ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਵਾਤਾਵਰਨ ਅਤੇ ਵਿਰਾਸਤ ਨੂੰ ਸੰਭਾਲਣ ਲਈ ਸਾਂਝੇ ਯਤਨ ਕੀਤੇ ਜਾਣ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਜੰਨਤ- ਏ- ਜਰਖੜ ਵਿੱਚ ਇਮਾਰਤਸਾਜ਼ੀ ਦੇ ਨਾਲ ਨਾਲ ਵੰਨ ਸੁਵੰਨੇ ਪੌਦਿਆਂ ਅਤੇ ਦਰੱਖ਼ਤਾਂ ਨੂੰ ਜਗ੍ਹਾ ਦਿੱਤੀ ਗਈ ਹੈ। ਇਸ ਨਾਲ ਵਾਤਾਵਰਨ ਨੂੰ ਬਚਾਉਣ ਵਿੱਚ ਵੀ ਸਹਿਯੋਗ ਮਿਲੇਗਾ। ਸਮਾਗਮ ਦੌਰਾਨ ਜਗਰੂਪ ਸਿੰਘ ਜਰਖੜ ਨੇ ਕਿਹਾ ਕਿ ਉਹਨਾਂ ਨੇ ਆਪਣਾ ਪੂਰਾ ਜੀਵਨ ਖੇਡਾਂ, ਜਰਖੜ ਸਟੇਡੀਅਮ ਅਤੇ ਜੰਨਤ- ਏ- ਜਰਖੜ ਦੇ ਨਾਮ ਲਗਾ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਇਹ ਇੱਛਾ ਸੀ ਕਿ ਉਹ ਅਜ਼ਾਦੀ ਤੋਂ ਪਹਿਲਾਂ ਵਾਲੇ ਪੰਜਾਬ ਦੇ ਵੱਧ ਤੋਂ ਵੱਧ ਲੋਕਾਂ ਨੂੰ ਦਰਸ਼ਨ ਕਰਵਾ ਸਕਣ। ਇਸ ਪ੍ਰੋਜੈਕਟ ਨਾਲ ਉਹਨਾਂ ਨੂੰ ਇਹ ਤਸੱਲੀ ਮਿਲੀ ਹੈ ਕਿ ਉਹ ਇਸ ਵਿੱਚ ਕੁਝ ਸਫ਼ਲ ਹੋਏ ਹਨ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਦਿਖਾਉਣ ਲਈ ਇੱਥੇ ਲੈ ਕੇ ਆਉਣ। ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਉਹ ਹਲੇ ਹੋਰ ਵਿਸਤਾਰ ਕਰਨਾ ਚਾਹੁੰਦੇ ਹਨ। ਇਸ ਮੌਕੇ ਹਲਕਾ ਗਿੱਲ ਦੇ ਵਿਧਾਇਕ ਸ੍ਰ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਜੰਨਤ- ਏ- ਜਰਖੜ ਹਲਕਾ ਗਿੱਲ ਦੀ ਸ਼ਾਨ ਬਣੇਗੀ। ਹੁਣ ਲੋਕ ਦੂਰੋਂ ਦੂਰੋਂ ਇਸਨੂੰ ਦੇਖਣ ਲਈ ਆਉਣਗੇ। ਇਸ ਨਾਲ ਇਸ ਹਲਕੇ ਦਾ ਨਾਮ ਵਿਸ਼ਵ ਦੇ ਕੋਨੇ ਕੋਨੇ ਵਿੱਚ ਪਹੁੰਚੇਗਾ। ਉਹਨਾਂ ਕਿਹਾ ਕਿ ਉਹਨਾਂ ਦਾ ਹਲਕਾ ਇਕ ਪੰਜਾਬ ਦਾ ਨੰਬਰ ਇਕ ਹਲਕਾ ਬਣੇਗਾ। ਇਸ ਮੌਕੇ ਅਰਜੁਨ ਐਵਾਰਡ ਜੇਤੂ ਸ੍ਰ ਸੱਜਣ ਸਿੰਘ ਚੀਮਾ, ਸਾਬਕਾ ਪੁਲਿਸ ਅਧਿਕਾਰੀ ਸ੍ਰ ਨਰਿੰਦਰਪਾਲ ਸਿੰਘ ਰੂਬੀ, ਸ੍ਰ ਹਰਦੀਪ ਸਿੰਘ ਸੈਣੀ, ਸ੍ਰ ਰਣਜੀਤ ਸਿੰਘ ਕਲਸੀ, ਜਥੇਦਾਰ ਗੁਰਮੇਲ ਸਿੰਘ ਸੰਗੋਵਾਲ, ਸਰਪੰਚ ਦਪਿੰਦਰ ਸਿੰਘ ਡਿੰਪੀ, ਪਰਮਜੀਤ ਸਿੰਘ ਨੀਟੂ, ਸਰਪੰਚ ਬਲਜਿੰਦਰ ਸਿੰਘ, ਲਾਭ ਸਿੰਘ ਸਾਬਕਾ ਡਿਪਟੀ ਡਾਇਰੈਕਟਰ, ਦਿਆ ਸਿੰਘ ਸੀਚੇਵਾਲ, ਪਾਲ ਸਿੰਘ ਨੌਲੀ, ਗੁਰਬਾਜ਼ ਸਿੰਘ, ਮਨਮੋਹਨ ਸਿੰਘ ਕਾਲਖ ਅਤੇ ਵੱਡੀ ਗਿਣਤੀ ਵਿਚ ਆਮ ਲੋਕ ਵੀ ਹਾਜ਼ਰ ਸਨ।