- ਆਂਧਰਾ ਪ੍ਰਦੇਸ਼ ਵਿਚ ਹੋਏ ਖੇਡ ਮੁਕਾਬਲੇ ਵਿੱਚ ਇਸ਼ਿਤਾ ਦੀ ਟੀਮ ਨੇ ਸੋਨ ਤਮਗਾ ਜਿੱਤਿਆ
ਸੰਗਰੂਰ, 23 ਦਸੰਬਰ : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿਖੇ ਹੋਈਆਂ ਸਕੂਲ ਨੈਸ਼ਨਲ ਖੇਡਾਂ ਵਿਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਟੀਮ ਪੱਧਰ ਉੱਤੇ ਸੋਨ ਤਮਗਾ ਜਿੱਤਣ ਵਾਲੀ ਸੰਗਰੂਰ ਵਾਸੀ ਖਿਡਾਰਨ ਇਸ਼ਿਤਾ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ ਮੁਬਾਰਕਬਾਦ ਭੇਟ ਕੀਤੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ਼ਿਤਾ, ਉਸਦੇ ਪਿਤਾ ਰਵੀ ਸ਼ਰਮਾ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ਼ਿਤਾ ਨੇ ਆਪਣੇ ਖੇਡ ਹੁਨਰ ਦਾ ਬਾਖੂਬੀ ਪ੍ਰਦਰਸ਼ਨ ਕਰਦੇ ਹੋਏ ਇਹ ਮਾਣ ਹਾਸਲ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਨਰੇਸ਼ ਸੈਣੀ ਨੇ ਦੱਸਿਆ ਕਿ ਇਸ ਖੇਡ ਮੁਕਾਬਲੇ ਵਿੱਚ ਕੁੱਲ 5 ਲੜਕੀਆਂ ਨੇ ਅੰਡਰ 19 ਉਮਰ ਵਰਗ ਵਿੱਚ ਭਾਗ ਲਿਆ ਜਿਨ੍ਹਾਂ ਵਿੱਚੋਂ ਤਿੰਨ ਜਲੰਧਰ ਦੀਆਂ, ਇੱਕ ਸੰਗਰੂਰ ਅਤੇ ਇੱਕ ਮਲੇਰਕੋਟਲਾ ਦੀ ਖਿਡਾਰਨ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਗਰਲਜ਼ ਸਕੂਲ ਦੀ ਅੰਡਰ-19 ਟੀਮ ਨੇ ਵਿਜੇਵਾੜਾ ਵਿਖੇ ਆਯੋਜਿਤ 67ਵੀਆਂ ਸਕੂਲ ਖੇਡਾਂ ਦੇ ਨੈਸ਼ਨਲ ਬੈਡਮਿੰਟਨ ਟੂਰਨਾਮੈਂਟ ਵਿੱਚ ਵੱਕਾਰੀ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ।