ਮਹਿਰਾਜ਼, 16 ਜਨਵਰੀ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਇਸ ਦੇ ਨਾਲ ਹੀ ਸਿੱਧੂ ਨੇ ਆਮ ਆਦਮੀ ਪਾਰਟੀ ਦਾ ਸਾਥ ਲੈਣ ਦੀ ਗੱਲ ਵੀ ਜੋਰ ਦੇਕੇ ਆਖੀ। ਨਵਜੋਤ ਸਿੱਧੂ ਨੇ ਸਪੱਸ਼ਟ ਕੀਤਾ ਕਿ ਜੇਕਰ ਵੱਡੀ ਲੜਾਈ ਲੜਨੀ ਹੈ ਤਾਂ ‘ਆਮ ਆਦਮੀ ਪਾਰਟੀ ’ ਦਾ ਸਾਥ ਜ਼ਰੂਰੀ ਹੈ ਕਿਉਂਕਿ ਇਹ ਗੱਲ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਲਈ ਕੀ ਕੀਤਾ? ਸਾਨੂੰ ਇਸ ਬਾਰੇ ਸੋਚਣਾ ਪਵੇਗਾ ਇਸ ਲਈ ਉਨ੍ਹਾਂ ਦਾ ਮੰਨਣਾ ਹੈ ਕਿ ਵੱਡੀਆਂ ਲੜਾਈਆਂ ਲਈ ਸਮਰਥਨ ਜ਼ਰੂਰੀ ਹੈ। ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ਼ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਇੱਕ ਅਜਿਹੀ ਪਾਰਟੀ ਹੈ ਜਿਸ ਵਿੱਚ ਵੱਖ-ਵੱਖ ਵਿਚਾਰਧਾਰਾ ਪ੍ਰਵਾਨ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਅਤੇ ਪੰਜਾਬ ਕਾਂਗਰਸ ਵਿਚ ਕੋਈ ਵਿਵਾਦ ਨਹੀਂ ਹੈ ਇਹ ਭੁਲੇਖਾ ਤਾਂ ਲੋਕਾਂ ਵੱਲੋਂ ਪੈਦਾ ਕੀਤਾ ਹੋਇਆ ਹੈ। ਸਿੱਧੂ ਨੇ ਆਪਣੇ ਅਤੇ ਪੰਜਾਬ ਕਾਂਗਰਸ ਵਿਚਾਲੇ ਫੁੱਟ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਵੱਖ-ਵੱਖ ਵਿਚਾਰਾਂ ਦੀ ਹਮਾਇਤ ਕਰਦੀ ਹੈ। ਰਾਸ਼ਟਰੀ ਪ੍ਰਧਾਨ ਖੁਦ ਲੋਕਾਂ ਨਾਲ ਜੁੜਨ ਦੀ ਗੱਲ ਕਰਦੇ ਹਨ। ਵਿਚਾਰਾਂ ਦੀ ਇਸ ਵਿਭਿੰਨਤਾ ਨੂੰ ਸੰਵਾਦ ਰਾਹੀਂ ਅੱਗੇ ਵਧਾਉਣ ਦੀ ਲੋੜ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਕਿਸੇ ਦਾ ਵਿਰੋਧ ਨਹੀਂ ਕੀਤਾ ਅਤੇ ਨਾ ਹੀ ਕਦੇ ਕਿਸੇ ਦੇ ਖਿਲਾਫ ਕੱੁਝ ਕਿਹਾ ਹੈ। ਸਿੱਧੂ ’ਤੇ ਸਿਰਫ ਇਕੱਲੇ ਘੁੰਮਣ ਦਾ ਦੋਸ਼ ਹੈ। ਉਨ੍ਹਾਂ ਕਿਹਾ ਕਿ ਕੋਈ ਜਵਾਬ ਦੇਵੇ, ਜਿਸ ਨਾਲ 30 ਹਜ਼ਾਰ ਪੰਜਾਬੀ ਖੜ੍ਹੇ ਹਨ, ਉਹ ਇਕੱਲਾ ਕਿਵੇਂ ਹੋ ਸਕਦਾ ਹੈ। ਆਪਣੀ ਪ੍ਰੈਸ ਕਾਨਫਰੰਸ ਦੌਰਾਨ ਨਵਜੋਤ ਸਿੱਧੂ ’ਆਪ’ ਸਰਕਾਰ ’ਤੇ ਵੀ ਨਾਰਾਜ਼ ਨਜ਼ਰ ਆਏ। ਉਨ੍ਹਾਂ ਕਿਹਾ ਕਿ ਉਹ ਖੁਦ ਮੁੱਖ ਮੰਤਰੀ ਭਗਵੰਤ ਮਾਨ ਕੋਲ ਫਾਈਲ ਲੈ ਕੇ ਗਏ ਸਨ ਅਤੇ ਕਿਹਾ ਸੀ ਕਿ ਪੰਜਾਬ ਦੇ ਸੁਪਨਿਆਂ ਨੂੰ ਚਕਨਾਚੂਰ ਨਾ ਹੋਣ ਦਿਓ ਪਰ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅੱਜ ਜੇਕਰ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਸਿਰ 1 ਲੱਖ 20 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪੰਜਾਬ ਨੂੰ ਲੁੱਟਿਆ ਨਹੀਂ ਜਾ ਰਿਹਾ, ਇਸ ਦੇ ਵਸੀਲੇ ਖਰਚ ਨਹੀਂ ਕੀਤੇ ਜਾ ਰਹੇ ਤਾਂ ਇਹ ਕਰਜ਼ਾ ਕਿਵੇਂ ਵਧ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਨੂੰ ਸੱਤਾ ਵਿੱਚ ਆਏ ਸਿਰਫ਼ 630 ਦਿਨ ਹੀ ਹੋਏ ਹਨ ਅਤੇ ਇਹ ਸਰਕਾਰ ਰੋਜ਼ਾਨਾ 80 ਕਰੋੜ ਰੁਪਏ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਿਰਫ ਕਰਜ਼ਾ ਲੈ ਕੇ ਹੀ ਚਲਾਈ ਜਾਣੀ ਸੀ ਤਾਂ ਪਹਿਲਾਂ ਦੱਸਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਪਹਿਲੇ ਮਹੀਨੇ 54 ਹਜ਼ਾਰ ਕਰੋੜ ਰੁਪਏ ਕਢਵਾਉਣ ਦੀ ਗੱਲ ਕੀਤੀ ਸੀ। ਬਜਟ ਵਿਚੋਂ 30-35 ਕਰੋੜ ਰੁਪਏ ਚੋਰੀ ਰਾਹੀਂ ਅਤੇ ਬਾਕੀ 20 ਹਜ਼ਾਰ ਕਰੋੜ ਰੁਪਏ ਰੇਤ ਰਾਹੀਂ ਕੱਢੇ ਜਾਣ ਦੀ ਗੱਲ ਕਹੀ ਗਈ ਸੀ। ਸਿੱਧੂ ਨੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਨੇ 1 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰਨ ਦੀ ਗੱਲ ਕੀਤੀ ਸੀ ਪਰ ਹੋਇਆ ਉਲਟ। ਹੁਣ ਵਿਆਜ ਸਮੇਤ ਕਰਜ਼ਾ ਹੋਰ ਵਧ ਗਿਆ ਹੈ ਅਤੇ 90 ਹਜ਼ਾਰ ਕਰੋੜ ਰੁਪਏ ਕਰਜਾ ਵਧਕੇ 1 ਲੱਖ 10 ਹਜ਼ਾਰ ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਰਜ਼ਾ ਉਦੋਂ ਹੀ ਮਾਫ਼ ਹੋ ਸਕਦਾ ਹੈ ਜਦੋਂ ਝੂਠ ਵੇਚਣਾ ਬੰਦ ਕੀਤਾ ਜਾਵੇ। ਸਿੱਧੂ ਨੇ ਕਿਹਾ ਕਿ ਮੇਰੀ ਲੜਾਈ ਨੀਤੀਆਂ ਨੂੰ ਲੈ ਕੇ ਹੈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨਾਲ ਤੇ ਉਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨਾਲ ਰਹੀ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਕਿ ਜਦੋਂ ਮੁੱਖ ਮੰਤਰੀ ਮਾਨ ਨੇ ਗੁਰਬਾਣੀ ਦੀ ਗੱਲ ਕੀਤੀ ਤਾਂ ਉਹ ਉਨ੍ਹਾਂ ਦੇ ਨਾਲ ਖੜ੍ਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ 6 ਲੱਖ ਰੁਪਏ ਪ੍ਰਤੀ ਘੰਟਾ ਦੇ ਹਵਾਈ ਜਹਾਜ਼ ਵਿੱਚ ਬੈਠ ਕੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਵਿੱਚ ਰੁੱਝੇ ਰਹੇ ਪਰ ਵੋਟਾਂ ਨਹੀਂ ਪਈਆਂ ਅਤੇ ਹੁਣ ਗੱਲ 13-0 ਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਉਧਾਰਾ ਲਏ ਇੱਕ ਉਮੀਦਵਾਰ ਅਤੇ ਪੁਲਿਸ ਦੇ ਜੋਰ ਤੇ ਇੱਕ ਸੀਟ ਜਿੱਤਣ ਵਾਲੀ ’ਆਪ’ ਆਪਣੇ ਆਪ ਨੂੰ ਕੌਮੀ ਪਾਰਟੀ ਕਿਵੇਂ ਕਹਿ ਸਕਦੀ ਹੈ?