ਮਾਨਸਾ, 07 ਜਨਵਰੀ : ਸੂਬੇ ਦੇ ਲੋਕ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਦੋਹਰਾ ਚਿਹਰਾ ਪਛਾਨਣ, ਜਿੰਨ੍ਹਾਂ ਨੇ ਦਿੱਲੀ ਵਿੱਚ ਆਪਣਾ ਗਠਜੋੜ ਬਣਾ ਲਿਆ ਹੈ ਅਤੇ ਪੰਜਾਬ ਵਿੱਚ ਲੋਕਾਂ ਨੂੰ ਮੂਰਖ ਬਣਾਉਣ ਲਈ ਇੱਕ ਦੂਜੇ ਦੇ ਖਿਲਾਫ ਬੋਲ ਰਹੇ ਹਨ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਠਿੰਡਾ ਤੋਂ ਪਾਰਲੀਮੈਂਟ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਦੇ ਪਿੰਡ ਬੁਰਹਰੀ ਸਿੰਘ ਵਿਖੇ ਕੀਤਾ। ਇਸ ਤੋਂ ਪਹਿਲਾਂ ਉਹ ਸ਼ਹੀਦ ਦੇ ਪਰਿਵਾਰ ਨੂੰ ਮਿਲੇ ਸਨ। ਇਸ ਮੌਕੇ ਬੀਬੀ ਬਾਦਲ ਨੇ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜੋ ਅੱਜ 6 ਮਹੀਨੇ ਬਾਅਦ ਵੀ ਪੂਰਾ ਨਹੀਂ ਹੋ ਸਕਿਆ। ਜਦੋਂ ਕਿ ਸ਼੍ਰੋਮਣੀ ਅਕਾਲੀ ਦੀ ਸਰਕਾਰ ਸਮੇਂ ਜੋ ਕਿਹਾ ਜਾਂਦਾ ਸੀ, ਉਸ ਨੁੰ ਦਿੱਤੇ ਸਮੇਂ ਦੇ ਅੰਦਰ ਪੂਰਾ ਕੀਤਾ ਜਾਂਦਾ ਸੀ। ਉਹਨਾਂ ਨੇ ਸ਼ੈਲਰ ਮਾਲਕਾਂ ਨਾਲ ਵੀ ਮੁਲਾਕਾਤ ਕੀਤੀ ਜਿਹਨਾਂ ਨੇ ਦੱਸਿਆ ਕਿ ਕਿਵੇਂ ਉਹ ਆਮ ਆਦਮੀ ਪਾਰਟੀ ਸਰਕਾਰ ਦੇ ਰਾਜ ਵਿਚ ਮੁਸ਼ਕਿਲਾਂ ਝੱਲ ਰਹੇ ਹਨ ਕਿਉਂਕਿ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਤੋਂ ਚੌਲਾਂ ਵਿਚ ਫੋਰਟੀਫਾਈਡ ਤੱਤ ਰਲਾਉਣ ਦੀ ਪ੍ਰਵਾਨਗੀ ਨਹੀਂ ਲਈ। ਉਹਨਾਂ ਕਿਹਾ ਕਿ ਸ਼ੈਲਰ ਮਾਲਕਾਂ ਨੇ 31 ਮਾਰਚ ਤੋਂ ਪਹਿਲਾਂ ਪਹਿਲਾਂ ਕੰਮ ਮੁਕੰਮਲ ਕਰਨਾ ਹੁੰਦਾ ਹੈ ਜਦੋਂ ਕਿ ਹਾਲੇ ਤੱਕ ਸ਼ੁਰੂ ਵੀ ਨਹੀਂ ਹੋਇਆ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਜਿਹੇ ਕੰਮ ਕਾਰਨ ਹੀ ਪੰਜਾਬ ਦੇ ਉਦਯੋਗ ਹੋਰ ਰਾਜਾਂ ਵਿਚ ਸ਼ਿਫਟ ਹੋ ਰਹੇ ਹਨ। ਸਰਦਾਰਨੀ ਬਾਦਲ ਨੇ ਕਿਹਾ ਕਿ ਸ਼ੈਲਰ ਮਾਲਕ ਤੇ ਹੋਰ ਅਣਗਿਣਤ ਪੰਜਾਬੀ ਇਸ ਕਰ ਕੇ ਮੁਸ਼ਕਿਲਾਂ ਝੱਲ ਰਹੇ ਹਨ ਕਿਉਂਕਿ ਬਜਾਏ ਇਹਨਾਂ ਦੀਆਂ ਮੁਸ਼ਕਿਲਾਂ ਸੁਣਨ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਤਾਂ ਆਪਣੇ ਆਕਾ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਹੋਰ ਰਾਜਾਂ ਵਿਚ ਲਿਜਾਣ ਜਾਂ ਛੁੱਟੀਆਂ ਮਨਾਉਣ ਵਿਚ ਲੱਗੇ ਹਨ ਜਿਵੇਂ ਕਿ ਹੁਣ ਵਿਪਾਸਨਾ ਦੇ ਨਾਂ ’ਤੇ ਉਹ ਵਿਜ਼ਾਗ ਵਿਚ ਹਨ। ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਚੋਣਾਂ ਭਾਵੇਂ ਉਹ ਸਥਾਨਕ ਸੰਸਥਾਵਾਂ ਅਤੇ ਪੰਚਾਇਤ ਚੋਣਾਂ ਹੋਣ ਜਾਂ ਫਿਰ ਲੋਕ ਸਭਾ ਚੋਣਾਂ ਇਹਨਾਂ ਵਿਚ ਦੋਵਾਂ ਕਾਂਗਰਸ ਤੇ ਆਪ ਨੂੰ ਸਬਕ ਸਿਖਾਉਣ। ਉਹਨਾਂ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਤੇ ਸ੍ਰੀ ਰਾਹੁਲ ਗਾਂਧੀ ਵਿਚਾਲੇ ਕੌਮੀ ਪੱਧਰ ’ਤੇ ਸਮਝੌਤਾ ਹੋ ਚੁੱਕਾ ਹੈ ਤੇ ਸੂਬੇ ਵਿਚ ਗਠਜੋੜ ਵਾਸਤੇ ਗੱਲਬਾਤ ਜਾਰੀ ਹੈ। ਉਹਨਾਂ ਕਿਹਾ ਕਿ ਆਪ ਤੇ ਕਾਂਗਰਸ ਦੀਆਂ ਸੂਬਾ ਇਕਾਈਆਂ ਇਸ ਤੱਥ ਨੂੰ ਛੁਪਾ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ’ਤੇ ਲੱਗੀਆਂ ਹਨ। ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਪਾਰਟੀਆਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਕਾਂਗਰਸ ਨੇ ਆਪਣੇ ਰਾਜਕਾਲ ਵਿਚ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਪੰਜਾਬ ਨੂੰ ਕੰਗਾਲ ਕੀਤਾ ਤੇ ਆਪ ਸਰਕਾਰ ਹੁਣ ਤੱਕ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ ਪਰ ਬੁਨਿਆਦੀ ਢਾਂਚਾ ਪ੍ਰਾਜੈਕਟ ਜਾਂ ਵਿਕਾਸ ਦੇ ਨਾਂ ’ਤੇ ਵਿਖਾਉਣ ਲਈ ਇਸ ਕੋਲ ਕੁਝ ਨਹੀਂ ਹੈ । ਉਹਨਾਂ ਕਿਹਾ ਕਿ ਬਜਾਏ ਲੋਕਾਂ ਵਾਸਤੇ ਕੁਝ ਕਰਨ ਦੇ ਮੁੱਖ ਮੰਤਰੀ ਹਰ ਰੋਜ਼ ਆਪ ਦੇ ਹੋਰ ਰਾਜਾਂ ਵਿਚ ਪਸਾਰ ’ਤੇ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ’ਤੇ ਫੂਕ ਰਹੇ ਹਨ। ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਦੇ ਹਵਾਈ ਦੌਰਿਆਂ ਦਾ ਖਰਚਾ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਵਿਚੋਂ ਦਿੱਤਾ ਜਾ ਰਿਹਾ ਹੈ।ਸਰਦਾਰਨੀ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦਾ ਦਿਲੋਂ ਸਾਥ ਦੇਣ ਕਿਉਂਕਿ ਇਹ ਇਕ ਖੇਤਰੀ ਪਾਰਟੀ ਹੈ ਜਿਸ ਲਈ ਪੰਜਾਬ ਤੇ ਪੰਜਾਬੀਆਂ ਦੇ ਹਿੱਤ ਪਹਿਲਾਂ ਹਨ। ਉਹਨਾਂਕਿਹਾ ਕਿ ਸਾਡਾ ਰਿਕਾਰਡ ਵਿਕਾਸ ਕਰਵਾਉਣ ਅਤੇ ਸਮਾਜ ਦੇ ਕਮਜ਼ੋਰ ਤੇ ਨਿਮਨ ਵਰਗ ਵਾਸਤੇ ਨਿਵੇਕਲੀਆਂ ਭਲਾਈ ਸਕੀਮਾਂ ਸ਼ੁਰੂ ਕਰਨ ਦਾ ਇਕ ਟਰੈਕ ਰਿਕਾਰਡ ਹੈ।