- ਏਸ਼ੀਅਨ ਖੇਡਾਂ ਚ ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲੇ ਪੰਜਾਬ ਦੇ ਖਿਡਾਰੀਆਂ ਦਾ ਬੇਹਤਰੀਨ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਖੇਡਾਂ ਨੂੰ ਸਮਰਪਿਤ ਯਤਨਾਂ ਦੀ ਮਿਸਾਲ
- ਮੋਹਾਲੀ ਵਿਖੇ 35ਵੀਂ ਪੰਜਾਬ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ
- ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਚਾਈਨਾ ਦੇ ਪੰਜਾਬ ਚੈਂਪੀਅਨਾਂ ਨੂੰ ਸਨਮਾਨਿਤ ਕੀਤਾ
ਐਸ.ਏ.ਐਸ.ਨਗਰ, 2 ਨਵੰਬਰ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਇੱਥੇ ਦੁਹਰਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸੂਬੇ ਵਿੱਚ ਖੇਡਾਂ ਦਾ ਅਨੁਕੂਲ ਮਾਹੌਲ ਸਿਰਜ ਕੇ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਨ। ਵੀਰਵਾਰ ਸ਼ਾਮ ਨੂੰ ਮੋਹਾਲੀ ਦੇ ਢੇਲਪੁਰ ਵਿਖੇ ਯੂਨਾਈਟਿਡ ਰੋਲਰਜ਼ ਸਪੋਰਟਸ ਕਲੱਬ ਵਿਖੇ 35ਵੀਂ ਪੰਜਾਬ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਜੰਮਪਲ 32 ਖਿਡਾਰੀਆਂ ਨੇ ਹਾਲ ਹੀ ਵਿੱਚ ਹੋਈਆਂ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਵਿਅਕਤੀਗਤ ਅਤੇ ਟੀਮ ਮੁਕਾਬਲਿਆਂ ਵਿੱਚ 20 ਤਗਮੇ ਜਿੱਤ ਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿੱਟੀ ਨਾ ਸਿਰਫ਼ ਖੇਤੀ ਲਈ ਉਪਜਾਊ ਹੈ ਸਗੋਂ ਖੇਡਾਂ ਅਤੇ ਹੋਰ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਵੀ ਜਰਖੇਜ਼ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਦੂਜੇ ਐਡੀਸ਼ਨ ਵਿੱਚ ਬਲਾਕ ਪੱਧਰ ਤੋਂ ਲੈ ਕੇ ਰਾਜ ਪੱਧਰ ਤੱਕ ਰਾਜ ਭਰ ਵਿੱਚ ਕਰਵਾਏ 36 ਖੇਡ ਮੁਕਾਬਲਿਆਂ ਵਿੱਚ 4 ਲੱਖ ਖਿਡਾਰੀਆਂ ਨੇ ਹਿੱਸਾ ਲਿਆ ਹੈ। ਸੂਚਨਾ ਅਤੇ ਲੋਕ ਸੰਪਰਕ ਅਤੇ ਬਾਗਬਾਨੀ, ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ ਵਿਭਾਗਾਂ ਦੇ ਮੰਤਰੀ ਨੇ ਰੋਲਰ ਸਕੇਟਿੰਗ ਖੇਡ ਨਾਲ ਸਬੰਧਤ ਸਾਰੇ ਪ੍ਰਬੰਧਕਾਂ ਅਤੇ ਕੋਚਾਂ ਨੂੰ ਪੰਜਾਬ ਵਿੱਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਅਤੇ ਉਤਸ਼ਾਹਿਤ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਰੋਲਰ ਸਕੇਟਿੰਗ ਖੇਡ ਦਾ ਵਿਸ਼ਵ ਭਰ ਵਿੱਚ ਇੱਕ ਵਿਸ਼ਾਲ ਖੇਤਰ ਹੈ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਪੰਜਾਬ ਦੇ ਖਿਡਾਰੀ ਰਾਸ਼ਟਰੀ ਟੀਮ ਵਿੱਚ ਵੀ ਸਕੇਟਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਮੁਕਾਬਲੇ ਵਿੱਚ ਪੰਜਾਬ ਦੇ 18 ਜ਼ਿਲ੍ਹਿਆਂ ਦੇ 1200 ਦੇ ਕਰੀਬ ਸਕੇਟਰ ਰੋਲਰ ਸਪੋਰਟਸ ਦੇ 07 ਈਵੈਂਟਸ ਵਿੱਚ ਭਾਗ ਲੈ ਰਹੇ ਹਨ। ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ, ਪਟਿਆਲਾ ਦੀ ਦੇਖ-ਰੇਖ ਹੇਠ ਮੋਹਾਲੀ ਯੂਨਾਈਟਿਡ ਰੋਲਰ ਸਪੋਰਟਸ ਕਲੱਬ (ਯੂ.ਆਰ.ਐਸ.ਸੀ.) ਵਿਖੇ ਮਾਰਸ਼ਲ ਆਰਟ ਗੱਤਕਾ, ਭੰਗੜਾ ਅਤੇ ਕਲਾਤਮਕ ਸਪੀਡ ਸਕੇਟਿੰਗ ਦੇ ਪ੍ਰਦਰਸ਼ਨ ਦਰਮਿਆਨ ਹੋਈ। । ਇਸ ਮੌਕੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮਨਪ੍ਰੀਤ ਸਿੰਘ ਛੱਤਵਾਲ, ਆਈ.ਏ.ਐਸ. (ਸੇਵਾਮੁਕਤ) ਪ੍ਰਧਾਨ ਅਤੇ ਸਿਮਰਨਜੀਤ ਸਿੰਘ ਸੱਗੂ (ਐਡਵੋਕੇਟ) ਜਨਰਲ ਸਕੱਤਰ ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ (ਪੀ.ਆਰ.ਐਸ.ਏ.) ਸਮੇਤ ਹਾਲ ਹੀ ਵਿੱਚ ਚੀਨ ਵਿਖੇ ਹੋਈ 19ਵੀਂ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਦੇ ਸਕੇਟਿੰਗ ਮੈਡਲ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ, ਜਿਨ੍ਹਾਂ ਨੇ ਕਵਾਡ ਹਾਕੀ, ਇਨਲਾਈਨ ਹਾਕੀ ਅਤੇ ਇਨਲਾਈਨ ਸਪੀਡ ਸਕੇਟਿੰਗ ਵਿੱਚ ਤਗਮੇ ਹਾਸਲ ਕੀਤੇ।