- ਬੀ.ਪੀ.ਈ.ਓ ਦਫਤਰ ਦੇ ਸੈਮੀਨਾਰ ਹਾਲ ਲਈ 1 ਲੱਖ ਰੁਪਏ ਅਤੇ ਪ੍ਰੇਮ ਨਗਰ ਸਕੂਲ ਲਈ ਡੇਢ ਲੱਖ ਰੁਪਏ ਦੀ ਗਰਾਂਟ ਕੀਤੀ ਜਾਰੀ
ਕੋਟਕਪੂਰਾ 20 ਫ਼ਰਵਰੀ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਮੁੜ ਦੁਹਰਾਇਆ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਅਤੇ ਸਿੱਖਿਆ ਦੇ ਨਾਲ ਖੇਡਾਂ ਵੱਲ ਉਤਸ਼ਾਹਿਤ ਕਰਨਾ ਹੈ। ਆਪਣੇ ਹਲਕੇ ਕੋਟਕਪੂਰਾ ਦੇ ਬੀ.ਪੀ.ਈ.ਓ (ਬਲਾਕ ਪ੍ਰਾਇਮਰੀ ਸਿੱਖਿਆ ਦਫਤਰ) ਦੇ ਸੈਮੀਨਾਰ ਹਾਲ ਲਈ ਇਕ ਲੱਖ ਰੁਪਏ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪ੍ਰੇਮਨਗਰ ਨੂੰ ਡੇਢ ਲੱਖ ਰੁਪਏ ਦੇ ਚੈੱਕ ਦਿੰਦੇ ਹੋਏ ਉਹਨਾਂ ਕਿਹਾ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਅਹਿਮ ਯੋਗਦਾਨ ਹੈ। ਉਹਨਾਂ ਕਿਹਾ ਕਿ ਅੱਜ ਜੋ ਧਨ ਰਾਸ਼ੀ ਵਿਦਿਅਕ ਸੰਸਥਾਵਾਂ ਤੇ ਖਰਚ ਕੀਤੀ ਜਾ ਰਹੀ ਹੈ ਉਹ ਪੰਜਾਬ ਸਰਕਾਰ ਦੀ ਇਸ ਵਚਨਬੱਧਤਾ ਦਾ ਸਬੂਤ ਹੈ ਕਿ ਸਰਕਾਰ ਇਹਨਾਂ ਸੰਸਥਾਵਾਂ ਵੱਲ ਬੜੀ ਸੰਜੀਦਗੀ ਨਾਲ ਧਿਆਨ ਦੇ ਰਹੀ ਹੈ। ਉਹਨਾਂ ਦੱਸਿਆ ਕਿ ਬੀ.ਪੀ.ਈ.ਓ ਦਫਤਰ ਦਾ ਸੈਮੀਨਾਰ ਹਾਲ ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਸਹਾਈ ਸਿੱਧ ਹੋ ਰਿਹਾ ਹੈ ਵਿੱਚ ਏ.ਸੀ. (ਏਅਰ ਕੰਡੀਸ਼ਨਰ) ਦੀ ਘਾਟ ਸੀ। ਉਹਨਾਂ ਦੱਸਿਆ ਕਿ ਅੱਜ ਦਿੱਤੀ ਗਈ ਗਰਾਂਟ ਨਾਲ ਜਿੱਥੇ ਇਸ ਹਾਲ ਵਿੱਚ ਹੁਣ ਅਧਿਆਪਕਾਂ ਵੱਲੋਂ ਟ੍ਰੇਨਿੰਗ ਲੈਣ ਦੌਰਾਨ ਗਰਮੀ ਮਹਿਸੂਸ ਨਹੀਂ ਹੋਵੇਗੀ, ਉੱਥੇ ਨਾਲ ਹੀ ਇਸ ਨੂੰ ਰੰਗ ਰੋਗਨ ਕਰਕੇ ਸਾਫ ਸੁਥਰਾ ਵੀ ਕੀਤਾ ਜਾਵੇਗਾ। ਇਸ ਉਪਰਾਲੇ ਨਾਲ ਸਿਖਲਾਈ ਲੈਣ ਦੌਰਾਨ ਅਧਿਆਪਕ ਹੋਰ ਇਕਾਗਰ ਚਿੱਤ ਹੋ ਕੇ ਸਿਖਲਾਈ ਪ੍ਰਾਪਤ ਕਰ ਸਕਣਗੇ । ਇਸੇ ਤਰ੍ਹਾਂ ਉਹਨਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਪ੍ਰੇਮ ਨਗਰ ਕੋਟਕਪੂਰਾ ਵਿੱਚ ਤਕਰੀਬਨ 200 ਬੱਚੇ ਪੜ੍ਹਦੇ ਹਨ ਅਤੇ ਇਹ ਡੇਢ ਲੱਖ ਰੁਪਏ ਸਕੂਲ ਦੇ ਮਿਡ-ਡੇ-ਮੀਲ ਸ਼ੈਡ ਦੀ ਉਸਾਰੀ ਲਈ ਮੁਹਈਆ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਸ਼ੈਡ ਦੀ ਘਾਟ ਕਾਰਨ ਗਰਮੀ, ਸਰਦੀ ਅਤੇ ਬਰਸਾਤ ਦੌਰਾਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਹੁਣ ਸ਼ੈਡ ਬਣਨ ਨਾਲ ਉਹ ਆਰਾਮਦਾਰੀ ਨਾਲ ਬੈਠ ਕੇ ਖਾਣਾ ਖਾ ਸਕਦੇ ਹਨ।