ਮਾਨਸਾ, 22 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਅਤੇ ਨੌਕਰੀ ਦੇ ਕਾਬਿਲ ਬਣਾਉਣ ਲਈ ਪੰਜਾਬ ਸਕਿੱਲ਼ ਡਿਵੈੱਲਪਮੈਂਟ ਮਿਸ਼ਨ (ਪੀ.ਐਸ.ਡੀ.ਐਮ.) ਅਧੀਨ ਪੇਂਡੂ ਅਤੇ ਸ਼ਹਿਰੀ ਨੌਜਵਾਨਾਂ ਨੂੰ ਮੁਫਤ ਵੱਖ-ਵੱਖ ਕੋਰਸਾਂ ਵਿੱਚ ਸਿਖਲਾਈ ਮੁਹੱਇਆ ਕਰਵਾਈ ਜਾ ਰਹੀ ਹੈ ਅਤੇ ਇਨ੍ਹਾਂ ਸਕੀਮਾਂ ਤਹਿਤ ਸਿਖਲਾਈ ਪ੍ਰਾਪਤ ਕਰ ਰਹੇ ਸਿੱਖਿਆਰਥੀਆਂ ਨੂੰ ਸਕੀਮ ਤਹਿਤ ਮੁਫ਼ਤ ਵਰਦੀ, ਬੈਗ ਅਤੇ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼੍ਰੀ ਚਰਨਜੀਤ ਸਿੰਘ ਅੱਕਾਂਵਾਲੀ ਨੇ ਮਾਨਸਾ ਸਕਿੱਲ ਸੈਂਟਰ ਵਿਖੇ ਸਿਖਲਾਈ ਪ੍ਰਾਪਤ ਕਰ ਰਹੀਆਂ ਵੱਖ-ਵੱਖ ਪਿੰਡਾਂ ਦੀਆਂ ਲੜਕੀਆਂ ਨੂੰ ਸਿਖਲਾਈ ਕਿੱਟਾਂ ਸੌਂਪਦਿਆਂ ਕੀਤਾ।ਚੇਅਰਮੈਨ ਸ਼੍ਰੀ ਅੱਕਾਂਵਾਲੀ ਨੇ ਸਿੱਖਿਆਰਥੀਆਂ ਨੂੰ ਟਰੇਨਿੰਗ ਪੂਰੀ ਕਰਨ ਉਪਰੰਤ ਕੋਈ ਨਾ ਕੋਈ ਨੌਕਰੀ ਜਾਂ ਆਪਣਾ ਕਾਰੋਬਾਰ ਜ਼ਰੂਰ ਸ਼ੁਰੂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਜ਼ਿਲ੍ਹੇ ਤੋਂ ਬਾਹਰ ਜਾ ਕੇ ਨੌਕਰੀ ਕਰਨ ਤੋਂ ਵੀ ਗੁਰੇਜ਼ ਨਹੀ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੇ ਵਧੀਆ ਭਵਿੱਖ ਲਈ ਵਚਨਬੱਧ ਹੈ ਅਤੇ ਸਰਕਾਰ ਵੱਲੋਂ ਨੌਜਵਾਨਾਂ ਨੂੰ ਮੁਫਤ ਸਿਖਲਾਈ ਮੁਹੱਇਆ ਕਰਵਾਉਣ ਦਾ ਕੰਮ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ। ਬਲਾਕ ਮਿਸ਼ਨ ਮੈਨੇਜਰ ਸ਼੍ਰੀ ਮਨੋਜ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਖੇ ਇਸ ਸਮੇਂ ਪੀ.ਐਸ.ਡੀ.ਐਮ. ਦੁਆਰਾ ਪੇਂਡੂ ਨੌਜਵਾਨਾ ਲਈ-(ਦੀਨ ਦਿਆਲ ਉਪਾਧਿਆ ਗ੍ਰਾਮਿਣ ਕੌਸ਼ਲ ਯੋਜਨਾ) ਅਤੇ ਸ਼ਹਿਰੀ ਨੌਜਵਾਨਾ ਲਈ (ਨੈਸ਼ਨਲ ਅਰਬਨ ਲਾਇਵਲੀਹੁਡ ਮਿਸ਼ਨ) ਸਕੀਮਾਂ ਅਧੀਨ ਜ਼ਿਲ੍ਹੇ ਦੇ ਵੱਖ-ਵੱਖ 6 ਸਕਿੱਲ਼ ਸੈਂਟਰਾਂ ਵਿਖੇ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਨੌਜਵਾਨ ਜ਼ਿਲ੍ਹਾ ਰੋਜਗਾਰ ਦਫਤਰ ਮਾਨਸਾ ਵਿਖੇ ਪੀ.ਐਸ.ਡੀ.ਐਮ. ਦੇ ਸਟਾਫ ਨਾਲ ਸੰਪਰਕ ਕਰ ਸਕਦੇ ਹਨ।ਇਸ ਮੌਕੇ ਬੀ.ਟੀ.ਐਮ. ਹਰਜਿੰਦਰ ਸਿੰਘ, ਮਿਸ ਰੀਆ, ਇੰਦਰਜੀਤ ਸਿੰਘ ਉੱਭਾ, ਰਣਜੀਤ ਸਿੰਘ ਰੱਲ਼ਾ, ਰਮੇਸ਼ ਕੁਮਾਰ ਖ਼ਿਆਲਾ, ਗੁਰਮੀਤ ਸਿੰਘ ਖੁਰਮੀ ਅਤੇ ਰਣਦੀਪ ਸ਼ਰਮਾ ਮੌਜੂਦ ਸਨ।