ਮੋਗਾ, 3 ਜੂਨ : ਸ੍ਰੀ ਅਕਾਲੀ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਇਤਿਹਾਸ ਚੇਤੇ ਕਰਵਾਇਆ ਹੈ। ਪਿੰਡ ਰੋਡੇ ਵਿਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਨੇ ਕਿਹਾ ਕਿ ਕੋਈ ਸਮਾਂ ਸੀ ਸਾਡੇ ਰਾਜਸੀ ਏਜੰਡੇ ਵਿਚ ਸਿੱਖ ਪੰਥ ਤੇ ਗੁਰਦੁਆਰਾ ਸਾਹਿਬ ਪਹਿਲੇ ਨੰਬਰ ’ਤੇ ਹੁੰਦੇ ਸਨ। ਅਕਾਲੀ ਦਲ ਦੇ 50 ਸਾਲ ਪੁਰਾਣੇ ਸੰਵਿਧਾਨ ਵਿਚ ਸਿੱਖ ਪੰਥ ਤੇ ਗੁਰਦੁਆਰਾ ਸਾਹਿਬ ਦੀ ਚੜ੍ਹਦੀਕਲਾ ਪ੍ਰਮੁੱਖ ਸਨ। ਅੱਜ ਸਾਡੇ ਰਾਜਸੀ ਏਜੰਡੇ ਵਿਚੋਂ ਸਿੱਖ ਪੰਥ ਤੇ ਗੁਰਦੁਆਰਾ ਸਾਹਿਬ ਵੀ ਮਨਫੀ ਹੋ ਗਏ ਹਨ। ਉਹਨਾਂ ਕਿਹਾ ਕਿ ਜੇਕਰ ਅਸੀਂ ਫਿਰ ਤੋਂ ਤਾਕਤਵਰ ਬਣਨਾ ਹੈ ਤਾਂ ਸਾਨੂੰ ਫਿਰ ਤੋਂ ਸਿੱਖ ਪੰਥ ਤੇ ਗੁਰਦੁਆਰਾ ਸਾਹਿਬਾਨ ਦੀ ਮਜ਼ਬੂਤੀ ਵਾਸਤੇ ਕੰਮ ਕਰਨਾ ਪਵੇਗਾ। ਉਹਨਾਂ ਕਿਹਾ ਕਿ ਭਾਈ ਜਸਬੀਰ ਸਿੰਘ ਰੋਡੇ ਨੇ ਵੀ ਇਹ ਕਿਹਾ ਹੈ ਕਿ ਸਾਡੀਆਂ ਮਜ਼ਬੂਤ ਸੰਸਥਾਵਾ ਹੀ ਸਾਡੀ ਮਜ਼ਬੂਤੀ ਦਾ ਪ੍ਰਤੀਕ ਹਨ। ਉਹਨਾਂ ਕਿਹਾ ਕਿ ਅੱਜ ਹਿੰਦੂ ਸਿੱਖਾਂ ਵਿਚ ਤਾਂ ਪਾੜਾ ਪਾਇਆ ਹੀ ਜਾ ਰਿਹਾ ਹੈ ਬਲਕਿ ਸਿੱਖਾਂ ਵਿਚ ਜਾਤੀਵਾਦੀ ਸੋਚ ਉਪਰ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬਾਨ ਵਿਚ ਮੂਰਤੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਮੀਡੀਆ ਵਿਚ ਇਹ ਵਿਖਾਇਆ ਜਾ ਰਿਹਾ ਹੈ ਕਿ ਪੰਜਾਬ ਵਿਚ ਜਾਤੀਵਾਦ ਹੈ ਪਰ ਅਜਿਹਾ ਕੁਝ ਵੀ ਪੰਜਾਬ ਵਿਚ ਨਹੀਂ ਹੈ। ਉਹਨਾਂ ਕਿਹਾ ਕਿ ਦਲਿਤ ਸ਼ਬਦ ਸਾਡੀ ਸੰਸਕ੍ਰਿਤੀ ਤੇ ਸਾਡੀ ਮਰਿਆਦਾ ਤੇ ਸਾਡੇ ਸਭਿਆਚਾਰ ਦਾ ਸ਼ਬਦ ਨਹੀਂ ਹੈ। ਇਹ ਭਾਰਤੀ ਸੰਵਿਧਾਨ ਵੱਲੋਂ ਦਿੱਤਾ ਸ਼ਬਦ ਹੈ। ਉਹਨਾਂ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਅਸੀਂ ਸਿਰ ਜੋੜ ਕੇ ਬੈਠੀਏ ਤੇ ਵਿਚਾਰਾਂ ਕਰੀਏ। ਉਹਨਾਂ ਕਿਹਾ ਕਿ ਪੰਜਾਬ ਵਿਚੋਂ ਭਾਵੇਂ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਨੂੰ ਗਏ ਹਨ, ਉਨੇ ਹੀ ਗੁਜਰਾਤ, ਹਰਿਆਣਾ ਤੇ ਯੂ ਪੀ ਵਿਚੋਂ ਵੀ ਗਏ ਹਨ ਪਰ ਇਕ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਸਿਰਫ ਪੰਜਾਬ ਵਿਚੋਂ ਹੀ ਸਿੱਖ ਜਾ ਰਹੇ ਹਨ ਜਿਸਦਾ ਮਕਸਦ ਇਹ ਸਾਬਤ ਕਰਨਾ ਹੈ ਕਿ ਸਿੱਖ ਹੁਣ ਪੰਜਾਬ ਵਿਚ ਘੱਟ ਗਿਣਤੀ ਰਹਿਗਏ ਹਨ ਤੇ ਇਹਨਾਂ ਦੀ ਗੱਲ ਸੁਣਨ ਦੀ ਲੋੜ ਨਹੀਂ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਬੰਦੀ ਸਿੰਘਾਂ ਦੇ ਮਾਮਲੇ ਵਿਚ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ।