ਮੁੱਲਾਂਪੁਰ ਦਾਖਾ 30 ਨਵੰਬਰ (ਸਤਵਿੰਦਰ ਸਿੰਘ ਗਿੱਲ) : ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜਿਲ੍ਹਾ ਲੁਧਿਆਣਾ ਦੀ ਇੱਕ ਐਮਰਜੈਂਸੀ ਮੀਟਿੰਗ ਅੱਜ ਸਾਥੀ ਹਰਦੇਵ ਸਿੰਘ ਸੁਨੇਤ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮਹਾਨ ਦੇਸ਼ ਭਗਤ ਗਦਰੀ ਬਾਬਾ ਗੁਰਮੁਖ ਸਿੰਘ ਲਾਲਤੋਂ ਜੀ ਦੇ ਜੱਦੀ ਘਰ ਦੀ ਖਰੀਦ/ ਵੇਚ ਦੇ ਮੁੱਦੇ ਬਾਰੇ ਗੰਭੀਰ ਭਰਵੀੰ ਤੇ ਡੂੰਘੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ- ਵੱਖ ਆਗੂਆਂ ਮਾਸਟਰ ਜਸਦੇਵ ਸਿੰਘ ਲਲਤੋਂ, ਐਡਵੋਕੇਟ ਕੁਲਦੀਪ ਸਿੰਘ, ਸੁਖਦੇਵ ਸਿੰਘ ਕਿਲਾ ਰਾਏਪੁਰ, ਉਜਾਗਰ ਸਿੰਘ ਬਦੋਵਾਲ ਨੇ ਵਰਨਣ ਕੀਤਾ ਕਿ ਗਦਰ ਪਾਰਟੀ ਦੇ ਮਹਾਨ ਆਗੂ ਤੇ ਦੋ ਵਾਰ ਕਾਲੇ ਪਾਣੀ ਦੀਆਂ ਉਮਰ ਕੈਦਾਂ ਕੱਟਣ ਵਾਲੇ ਤੇ ਚਲਦੀ ਰੇਲ ਗੱਡੀ 'ਚੋਂ ਸਣੇ ਬੇੜੀਆਂ ਛਾਲਾਂ ਮਾਰਨ ਵਰਗੀਆਂ ਬੇਮਿਸਾਲ ਕੁਰਬਾਨੀਆਂ ਕਰਨ ਵਾਲੇ ਸਿਰਲੱਥ ਯੋਧੇ- ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਨੇ ਆਪਣਾ ਜੱਦੀ ਘਰ, ਭਾਰਤੀ ਕੌਮ ਨੂੰ ਯਾਦਗਾਰੀ ਲਾਇਬਰੇਰੀ ਵਜੋਂ 1964 'ਚ ਹੀ ਜਿਉਂਦੇ ਜੀ ਸਮਰਪਿਤ ਕਰ ਦਿੱਤਾ ਸੀ। ਉਸ ਵੇਲੇ ਤੋਂ ਹੀ ਇਹ ਕੌਮੀ ਯਾਦਗਾਰ ਦਾ ਨਾਮ -"ਮਹਾਨ ਦੇਸ਼ ਭਗਤ ਗਦਰੀ ਬਾਬਾ ਗੁਰਮੁਖ ਸਿੰਘ ਯਾਦਗਾਰੀ ਲਾਇਬਰੇਰੀ ਲਲਤੋਂ ਖੁਰਦ (ਜਿਲ੍ਹਾ ਲੁਧਿਆਣਾ)" ਚੱਲਿਆ ਆ ਰਿਹਾ ਹੈ। ਇਸ ਲਾਇਬਰੇਰੀ ਵਿੱਚ ਲੱਖਾਂ ਰੁ: ਦੀਆਂ ਬੇਸ਼ੁਮਾਰ ਕੀਮਤੀ ਹਜ਼ਾਰਾਂ ਕਿਤਾਬਾਂ ਹਨ, ਰੋਜ਼ਾਨਾ ਅਖਬਾਰ ਲੱਗੇ ਹੋਏ ਹਨ ਅਤੇ ਸੈਂਕੜੇ ਪਾਠਕ ਜੁੜੇ ਹੋਏ ਹਨ। ਦੇਸ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਸਰਪ੍ਰਸਤੀ ਹੇਠ ਕੰਮ ਕਰ ਰਹੀ ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜਿਲ੍ਹਾ ਲੁਧਿਆਣਾ ਅਤੇ ਇਸ ਦੀ ਬਰਾਂਚ- ਗਦਰੀ ਬਾਬਾ ਗੁਰਮੁਖ ਸਿੰਘ ਯਾਦਗਾਰ ਕਮੇਟੀ ਲਲਤੋਂ ਖੁਰਦ( ਰਜਿ:) ਦੀ ਪੂਰਨ ਹਮਾਇਤ ਨਾਲ ਐਲਾਨ ਕੀਤਾ ਕਿ ਕਿਸੇ ਵੀ ਵਿਅਕਤੀ ਨੂੰ ਸਾਜਿਸ਼ੀ ਢੰਗ ਨਾਲ ਇਸ ਇਸ ਮਹਾਨ ਕੌਮੀ ਯਾਦਗਾਰ ਨੂੰ ਵੇਚਣ/ ਖਰੀਦਣ ਜਾਂ ਦਲਾਲੀ ਕਰਨ ਦੀ ਕਦਾਚਿਤ ਵੀ ਆਗਿਆ ਨਹੀਂ ਦਿੱਤੀ ਜਾਵੇਗੀ। ਬਲਕਿ ਹਰ ਕੀਮਤ 'ਤੇ ਦੇਸ ਦੀ ਇਸ ਵਿਲੱਖਣ ਯਾਦਗਾਰ ਨੂੰ ਹਰ ਹਾਲਤ ਬਰਕਰਾਰ ਰੱਖਿਆ ਜਾਵੇਗਾ ਤੇ ਹੋਰ ਵਿਕਸਿਤ ਕੀਤਾ ਜਾਵੇਗਾ। ਕੌਮਾਗਾਟਾਮਾਰੂ ਯਾਦਗਾਰ ਕਮੇਟੀ ਨੇ ਜਿਲ੍ਹੇ ਦੀਆਂ ਸਮੂਹ ਜਨਤਕ, ਜਮਹੂਰੀ ਤੇ ਦੇਸ਼ ਪ੍ਰੇਮੀ ਅਤੇ ਇਨਕਲਾਬੀ ਜੱਥੇਬੰਦੀਆਂ ਨੂੰ ਇਸ ਪਵਿੱਤਰ ਕਾਰਜ ਦੀ ਸਫਲਤਾ ਲਈ ਵਧ ਚੜ੍ਹ ਕੇ ਭਰਾਤਰੀ ਹਮਾਇਤ ਦੀ ਜੋਰਦਾਰ ਅਪੀਲ ਕੀਤੀ ਹੈ। ਅੱਜ ਦੀ ਮੀਟਿੰਗ 'ਚ ਜੁਗਿੰਦਰ ਸਿੰਘ ਸ਼ਹਿਜਾਦ, ਪ੍ਰੇਮ ਸਿੰਘ ਸ਼ਹਿਜਾਦ ਤੇ ਮਲਕੀਤ ਸਿੰਘ ਬਦੋਵਾਲ ਵੀ ਉਚੇਚੇ ਤੌਰ ਤੇ ਹਾਜ਼ਰ ਸਨ।