ਬਠਿੰਡਾ, 3 ਨਵੰਬਰ : ਬਠਿੰਡਾ ਦੇ ਮਾਲ ਰੋਡ ਤੇ ਪਿਛਲੇ ਦਿਨੀਂ ਅਣਪਛਾਤਿਆਂ ਵੱਲੋਂ ਕਤਲ ਕੀਤੇ ਪ੍ਰਧਾਨ ਹਰਜਿੰਦਰ ਸਿੰਘ ਮੇਲਾ ਦੀ ਮੌਤ ਦਾ ਡਰ ਲੋਕਾਂ ਵਿੱਚ ਹਾਲੇ ਖਤਮ ਨਹੀਂ ਹੋਇਆ ਕਿ ਫਿਰ ਤੋਂ ਸ਼ਹਿਰ ਵਿੱਚ ਗੋਲੀ ਚੱਲਣ ਅਤੇ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਹੈ। ਬੀਤੀ ਦੇਰ ਸ਼ਾਮ ਬਠਿੰਡਾ ਦੇ ਬਾਹੀਆ ਫੋਰਟ ਇਲਾਕੇ ’ਚ ਮਾਮੂਲੀ ਤਕਰਾਰ ਨੂੰ ਲੈਕੇ ਕੀਤੀ ਗਈ ਫਾਇਰਿੰਗ ਦੌਰਾਨ ਜਖਮੀ ਦੋ ਨੌਜਵਾਨਾਂ ਚੋਂ ਇੱਕ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸ਼ਿਵਮ ਦੇ ਤੌਰ ਤੇ ਕੀਤੀ ਗਈ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਦੁਕਾਨਦਾਰ ਰਾਤ ਨੂੰ ਕਰੀਬ 9:15 ਵਜੇ ਆਪਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਜਾਣ ਦੀ ਤਿਆਰੀ ਕਰ ਰਹੇ ਸਨ। ਹਾਲਾਂਕਿ ਪੁਲਿਸ ਇਸ ਨੂੰ ਨਿੱਜੀ ਰੰਜਿਸ਼ ਦਾ ਮਾਮਲਾ ਦੱਸ ਰਹੀ ਹੈ ਫਿਰ ਵੀ ਸਹਿਮ ਦਾ ਮਹੌਲ ਲਗਾਤਾਰ ਬਣਿਆ ਹੋਇਆ ਹੈ। ਵੇਰਵਿਆਂ ਅਨੁਸਾਰ ਹੋਟਲ ਬਾਹੀਆ ਫੋਰਟ ਪਿਛਲੇ ਪਾਸੇ ਵਾਲੀ ਗਲੀ ’ਚ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਸਿੱਟੇ ਵਜੋਂ 2 ਜਣੇ ਜਖਮੀ ਹੋ ਗਏ।ਜ਼ਖਮੀਆਂ ਦੀ ਪਛਾਣ ਰੇਸ਼ਮ ਸਿੰਘ (28) ਪੁੱਤਰ ਕਸ਼ਮੀਰ ਸਿੰਘ ਵਾਸੀ ਰਾਜਗੜ੍ਹ (ਬਠਿੰਡਾ) ਅਤੇ ਸ਼ਿਵਮ ਪਾਲ ਵਾਸੀ ਪਰਸ ਰਾਮ ਨਗਰ ਗਲੀ ਨੰਬਰ 29 ਵਜੋਂ ਕੀਤੀ ਗਈ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਸਮਾਜ ਸੇਵੀ ਸੰਸਥਾ ਸਹਾਰਾ ਦੇ ਵਰਕਰ ਐਬੂਲੈਂਸ ਲੈ ਕੇ ਮੌਕੇ ’ਤੇ ਪੁੱਜੇ ਤੇ ਜਖ਼ਮੀ ਨੌਜਵਾਨਾਂ ਰੇਸ਼ਮ ਸਿੰਘ ਅਤੇ ਸ਼ਿਵਮ ਨੂੰ ਸਿਵਲ ਹਸਪਤਾਲ ਲਿਆਂਦਾ ਜਿੱਥੇ ਦੋਵਾਂ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਏਮਜ਼ ’ਚ ਰੈਫਰ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਸ਼ਿਵਮ ਵਾਸੀ ਪਰਸ ਰਾਮ ਨਗਰ ਦੀ ਰਾਤ ਕਰੀਬ ਦੋ ਵਜੇ ਮੌਤ ਹੋ ਗਈ। ਗੋਲੀ ਸ਼ਿਵਮ ਦੇ ਪੇਟ ਵਿੱਚ ਦੀ ਲੰਘ ਗਈ ਸੀ ਜਿਸ ਕਰਕੇ ਜਿਆਦਾ ਖੂਨ ਵਹਿ ਜਾਣ ਕਾਰਨ ਮੌਤ ਹੋਈ ਦੱਸੀ ਜਾ ਰਹੀ ਹੈ। ਰੇਸ਼ਮ ਸਿੰਘ ਦਾ ਇਲਾਜ਼ ਚੱਲ ਰਿਹਾ ਹੈ ਜੋਕਿ ਪੇਸ਼ੇ ਵਜੋਂ ਵਕੀਲ ਦੱਸਿਆ ਗਿਆ ਹੈ। ਪੁਲਿਸ ਅਨੁਸਾਰ ਮੁਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਗਗਨਦੀਪ ਸਿੰਘ ਨਾਂ ਦੇ ਨੌਜਵਾਨ ਦਾ ਰੇਸ਼ਮ ਅਤੇ ਸ਼ਿਵਨ ਨਾਲ ਫੋਨ ਤੇ ਤਿੱਖੀ ਬਹਿਸ ਹੋ ਗਈ ਸੀ। ਦੇਰ ਸ਼ਾਮ ਸ਼ਿਵਮ ਅਤੇ ਰੇਸ਼ਮ ਗਗਨਦੀਪ ਸਿੰਘ ਦੇ ਘਰ ਦੇ ਬਾਹਰ ਪਹੁੰਚ ਗਏ ਜਿੱਥੇ ਗੁੱਸੇ ’ਚ ਆਏ ਗਗਨਦੀਪ ਨੇ ਆਪਣੀ ਦੋਨਾਲੀ ਬੰਦੂਕ ਨਾਲ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਦੋਵੇਂ ਜਣੇ ਹੇਠਾਂ ਡਿੱਗ ਪਏ ਜਿੰਨ੍ਹਾਂ ਨੂੰ ਸਹਾਰਾ ਵਰਕਰ ਹਸਪਤਾਲ ਲੈ ਗਏ। ਮੌਕੇ ਤੇ ਮੌਜੂਦ ਡਾਕਟਰਾਂ ਨੇ ਮੁਢਲੀ ਸਹਾਇਤਾ ਦੇਣ ਉਪਰੰਤ ਰੈਫਰ ਕਰ ਦਿੱਤਾ ਜਿੱਥੇ ਸ਼ਿਵਮ ਦੀ ਮੌਤ ਹੋ ਗਈ ਹੈ। ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਆਪਸੀ ਰੰਜਿਸ਼ ਦਾ ਮਾਮਲਾ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।