ਮੰਡੀ ਅਹਿਮਦਗੜ੍ਹ, 16 ਨਵੰਬਰ : ਸਮਾਜ ਦੇ ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਨੇ ਪ੍ਰੈਸ ਨੂੰ ਲੋਕਤੰਤਰ ਦੇ ਚੌਥੇ ਥੰਮ ਨੂੰ ਪੈਦਾ ਹੋਏ ਖਤਰੇ ‘ਤੇ ਚਿੰਤਾ ਪ੍ਰਗਟ ਕਰਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਮਤਿਹਾਨ ਦੀ ਘੜੀ ਵਿੱਚੋਂ ਲੰਘ ਰਹੇ ਮੀਡੀਆ ਦੀ ਅਜਾਦੀ ਨੂੰ ਬਰਕਰਾਰ ਰੱਖਣ ਦੀ ਜਿੰਮੇਵਾਰੀ ਨੂੰ ਸੰਜੀਦਗੀ ਨਾਲ ਨਿਭਾਉਣ। ਕੌਮੀ ਪ੍ਰੈਸ ਦਿਵਸ ਮੌਕੇ ਕਰਵਾਈਆਂ ਗਈਆਂ ਵਿਚਾਰ ਚਰਚਾਵਾਂ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਬੀਤੇ ਦਹਾਕਿਆਂ ਦੌਰਾਨ ਜਿੱਥੇ ਕਈ ਮੀਡੀਆ ਅਦਾਰਿਆਂ ਨੂੰ ਸੱਚ ਦੀ ਵਕਾਲਤ ਕਰਨ ਦਾ ਖਮਿਆਜਾ ਭੁਗਤਨਾ ਪਿਆ ਹੈ ਉੱਥੇ ਵੱਡੀ ਗਿਣਤੀ ਮੀਡੀਆ ਕਰਮੀਆਂ ਨੂੰ ਹਿੰਸਕ ਅਤੇ ਘਾਤਕ ਹਮਲਿਆਂ ਦਾ ਸ਼ਿਕਾਰ ਵੀ ਹੋਣਾ ਪਿਆ ਹੈ। ਪੱਤਰਕਾਰ ਮਹੇਸ਼ ਸ਼ਰਮਾ ਨੇ ਕਿਹਾ ਮੀਡੀਆ ਦੀ ਅਜ਼ਾਦੀ ਨੂੰ ਬਚਾਉਣ ਅਤੇ ਫੀਲਡ ਪੱਤਰਕਾਰਾਂ ਨੂੰ ਦਰਪੇਸ਼ ਆਉੰਦੀਆ ਸਮੱਸਿਆਵਾਂ ਦੇ ਹੱਲ ਲਈ ਪ੍ਰੈੱਸ ਕੌਂਸਲ ਆਫ ਇੰਡੀਆ ਨੂੰ ਹੇਠਲੇ ਪੱਧਰ ਤੱਕ ਕਾਰਗਾਰ ਹੋਣਾ ਚਾਹੀਦਾ ਹੈ। ਇਸੇ ਤਰਾਂ ਪ੍ਰਸ਼ਾਸਣਿਕ ਅਧਿਕਾਰੀਆਂ ਨੂੰ ਵੀ ਪਾਰਦਰਸ਼ੀ ਢੰਗ ਨਾਲ ਸਰਕਾਰਾਂ ਦੀਆਂ ਨੀਤੀਆਂ ਅਤੇ ਅਸਲ ਕਾਰਗੁਜ਼ਾਰੀ ਬਾਰੇ ਆਪਣੇ ਖੇਤਰ ਦੇ ਮੀਡੀਆ ਕਰਮੀਆਂ ਨੂੰ ਤੱਥਾਂ ਦੇ ਅਧਾਰ ‘ਤੇ ਜਾਣਕਾਰੀ ਮੁਹੱਈਆ ਕਰਵਾਉਣੀ ਚਾਹੀਦੀ ਹੈ। ਸਟੇਟ ਅਵਾਰਡੀ ਸਮਾਜ ਸੇਵੀ ਸੰਸਥਾ, ਮੁੰਡੇ ਅਹਿਮਦਗੜ੍ਹ ਦੇ, ਦੇ ਪ੍ਰਧਾਨ ਰਾਕੇਸ਼ ਗਰਗ ਨੇ ਅਫਸੋਸ ਪ੍ਰਗਟ ਕੀਤਾ ਕਿ ਬੀਤੇ ਤਿੰਨ ਦਹਾਕਿਆਂ ਦੌਰਾਨ ਸਮਾਜ ਵਿੱਚ ਤੇਜੀ ਨਾਲ ਆਏ ਬਦਲਾਅ ਕਾਰਨ ਪਹਿਲਾਂ ਹੀ ਵੱਖ ਵੱਖ ਕਿਸਮ ਦੀਆਂ ਔਕੜਾਂ ਦਾ ਸਾਹਮਣਾ ਕਰ ਰਹੇ ਕਈ ਮੀਡੀਆ ਅਦਾਰਿਆਂ ਨੂੰ ਆਪਣੀ ਹੋਂਦ ਬਚਾਉਣ ਲਈ ਕਿਸੇ ਹੱਦ ਤੱਕ ਸਮਝੌਤੇ ਕਰਨੇ ਪਏ ਹਨ । ਇਸੇ ਤਰਾਂ ਅਖਬਾਰਾਂ ਅਤੇ ਚੈਨਲਾਂ ਦੀ ਲਾਗਤ ਵਧਣ ਕਾਰਨ ਵੀ ਅਦਾਰਿਆਂ ਅਤੇ ਕਰਮੀਆਂ ਦੀਆਂ ਆਰਥਿਕ ਮਜ਼ਬੂਰੀਆਂ ਵਧੀਆਂ ਹਨ। ਸਾਬਕਾ ਪ੍ਰਧਾਨ ਨਗਰ ਕੌਂਸਲ ਸ੍ਰੀ ਰਵਿੰਦਰ ਪੁਰੀ ਨੇ ਅਫਸੋਸ ਪ੍ਰਗਟ ਕੀਤਾ ਕਿ ਸੋਸ਼ਲ ਮੀਡੀਆ ਦੇ ਪਸਾਰੇ ਦੇ ਨਾਲ ਆਮ ਲੋਕਾਂ ਦੀਆਂ ਰਵਾਇਤੀ ਮੀਡੀਆ ਤੋਂ ਆਸਾਂ ਬਹੁਤ ਵਧ ਗਈ ਹਨ ਅਤੇ ਜਿਹੜੇ ਵਿਅਕਤੀਆਂ ਜਾਂ ਸੰਗਠਨਾਂ ਨੂੰ ਆਪਣੇ ਕੰਮਕਾਰ ਦੌਰਾਨ ਪੇਸ਼ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਲਈ ਪ੍ਰਸ਼ਾਸਣਿਕ ਅਧਿਕਾਰੀਆਂ ਜਾਂ ਸਬੰਧਤ ਮਹਿਕਮਿਆਂ ਕੋਲ ਪਹੁੰਚ ਕਰਨੀ ਚਾਹੀਦੀ ਸੀ ਉਹ ਹੁਣ ਇਹ ਮਹਿਸੂਸ ਅਤੇ ਆਸ ਕਰਨ ਲੱਗੇ ਹਨ ਕਿ ਸਿਰਫ਼ ਮੀਡੀਆ ਕੋਲ ਹੀ ਉਹ ਜਾਦੂ ਦੀ ਛੜੀ ਹੈ ਜਿਸ ਨਾਲ ਉਨ੍ਹਾਂ ਦੀ ਸਮੱਸਿਆ ਤੁਰੰਤ ਹੱਲ ਹੋ ਜਾਵੇਗੀ। ਸਿਟੀ ਪ੍ਰੈਸ ਕਲੱਬ ਅਹਿਮਦਗੜ੍ਹ ਦੇ ਆਹੁਦੇਦਾਰ ਸ੍ਰੀ ਸੁਖਜੀਤ ਸਿੰਘ ਖੇੜਾ ਨੇ ਖੇਦ ਪ੍ਰਗਟ ਕੀਤਾ ਕਿ ਸਮੇਂ ਦੀਆਂ ਸਰਕਾਰਾਂ ਰਵਾਇਤੀ ਪ੍ਰਿੰਟ ਮੀਡੀਆ, ਅਧਿਕਾਰਿਤ ਡਿਜਿਟਲ ਸੋਸ਼ਲ ਮੀਡੀਆ ਅਤੇ ਅਣਅਧਿਕਾਰਤ ਮਾਸ ਮੀਡੀਆ ਦਰਮਿਆਨ ਇੱਕ ਸਤਿਕਾਰਿਤ ਸੰਤੁਲਨ ਬਨਾਕੇ ਰੱਖਣ ਵਿੱਚ ਫੇਲ੍ਹ ਰਹੀਆਂ ਹਨ। ਜਦੋਂ ਕਿ ਰਵਾਇਤੀ ਪ੍ਰਿੰਟ ਮੀਡੀਆ ਕਰਮੀਆਂ ਨੂੰ ਤੱਥ ਇਕੱਤਰ ਕਰਨ, ਤਿਆਰ ਕਰਕੇ ਪਾਠਕਾਂ ਅੱਗੇ ਪਰੋਸਨ ਦੇ ਲਾਇਕ ਬਨਾਉਣ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਲਗਾਏ ਗਏ ਅਦਾਰੇ ਵੱਲੋਂ ਵਿੱਕਰੀ ਮੁੱਲ ਤੋਂ ਵੱਧ ਖਰਚ ਕਰਕੇ ਛਾਪ ਕੇ ਅਖਬਾਰ ਪਾਠਕ ਤੱਕ ਪਹੁੰਚਾਉਣ ਲਈ ਕਈ ਕਸੋਟੀਆਂ ਵਿੱਚੋਂ ਲੰਘਣਾ ਪੈਂਦਾ ਹੈ ਉੱਥੇ ਹੋਰਨਾਂ ਸ੍ਰੋਤਾਂ ਦੀ ਪੇਸ਼ਕਾਰੀ ਦੀ ਮਿਹਨਤ ਤੇ ਰਫਤਾਰ ਬਹੁਤ ਤੇਜ ਹੁੰਦੀ ਹੈ।