- ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਪੂਰੀ ਤਰ੍ਹਾਂ ਸੁਹਿਰਦ-ਗੁਰਦੀਪ ਸਿੰਘ ਬਾਠ
ਬਰਨਾਲਾ, 21 ਫਰਵਰੀ : ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਵੱਲੋਂ ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਨੂੰ ਸਮਰਪਿਤ ਸਮਾਗਮ ਸਥਾਨਕ ਐੱਸ.ਐੱਸ.ਡੀ ਕਾਲਜ ਵਿਖੇ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਵੱਲੋਂ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਹਰਪ੍ਰੀਤ ਕੌਰ ਦੇ ਮਾਰਗ ਦਰਸ਼ਨ ਅਧੀਨ “ ਪੰਜਾਬੀ ਭਾਸ਼ਾ ਦਾ ਵਰਤਮਾਨ ਅਤੇ ਭਵਿੱਖ” ਵਿਸ਼ੇ ‘ਤੇ ਵਿਚਾਰ ਚਰਚਾ ਅਤੇ ਪੰਜਾਬੀ ਕਵੀ ਦਰਬਾਰ ਕਰਵਾ ਕੇ ਕੌਮਾਂਤਰੀ ਮਾਤ ਭਾਸ਼ਾ ਦਿਹਾੜਾ ਮਨਾਇਆ ਗਿਆ।ਸਮਾਗਮ ‘ਚ ਸ.ਗੁਰਦੀਪ ਸਿੰਘ ਬਾਠ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਜਦਕਿ ਸੇਵਾ ਮੁਕਤ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਾਜਪਾਲ ਸਿੰਘ ਮਾਨ,ਐੱਸ.ਐੱਸ.ਡੀ ਕਾਲਜ ਦੇ ਡਾਇਰੈਕਟਰ ਸ਼ਿਵ ਸਿੰਗਲਾ ਅਤੇ ਐੱਸ.ਐੱਸ.ਡੀ ਕਾਲਜ ਦੇ ਪ੍ਰਿੰਸੀਪਲ ਡਾ.ਰਾਕੇਸ਼ ਜਿੰਦਲ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।ਵਿਭਾਗੀ ਧੁਨ ਨਾਲ ਸ਼ੁਰੂ ਹੋਏ ਸਮਾਗਮ ‘ਚ ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਭਾਸ਼ਾ ਅਫਸਰ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਹਿੰਦਿਆਂ ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ।ਉਹਨਾਂ ਕਿਹਾ ਕਿ ਬੰਗਲਾ ਦੇਸ਼ ਵਾਸੀਆਂ ਵੱਲੋਂ ਆਪਣੀ ਮਾਤ ਭਾਸ਼ਾ ਲਈ ਕੀਤਾ ਸੰਘਰਸ਼ ਸਾਡੇ ਸਭ ਲਈ ਪ੍ਰੇਰਨਾ ਸ੍ਰੋਤ ਹੈ।ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਕੌਮਾਂਤਰੀ ਮਾਤ ਭਾਸ਼ਾ ਦਿਹਾੜਾ ਦਾ ਮਨੋਰਥ ਆਪਣੀ ਮਾਤ ਭਾਸ਼ਾ ਪ੍ਰਤੀ ਪਿਆਰ ਅਤੇ ਦੂਜੀਆਂ ਭਾਸ਼ਾਵਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਹੈ।ਉਹਨਾਂ ਕਿਹਾ ਕਿ ਇਹ ਦਿਵਸ ਦਾ ਮਨੋਰਥ ਭਾਸ਼ਾਵਾਂ ਪ੍ਰਤੀ ਖੁੱਲਦਿਲੀ ਅਪਣਾਉਣ ਲਈ ਪ੍ਰਰਿਤ ਕਰਨਾ ਹੈ ਨਾ ਕਿ ਭਾਸ਼ਾਈ ਸੰਕੀਰਨਤਾ ਪੈਦਾ ਕਰਨਾ।ਉਹਨਾਂ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਦੀ ਪ੍ਰਫੁਲਿਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਵੀ ਹਾਜ਼ਰੀਨ ਨਾਲ ਸਾਂਝੀ ਕੀਤੀ। ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਪਹੁੰਚੇ ਗੁਰਦੀਪ ਸਿੰਘ ਬਾਠ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੇ ਮਾਣ ਸਤਿਕਾਰ ਵਿੱਚ ਇਜ਼ਾਫੇ ਅਤੇ ਇਸ ਦੀ ਪ੍ਰਫੁਲਿਤਾ ਲਈ ਪੂਰੀ ਤਰਾਂ ਨਾਲ ਯਤਨਸ਼ੀਲ ਅਤੇ ਸੁਹਿਰਦ ਹੈ।ਉਹਨਾਂ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਪੰਜਾਬੀ ਭਾਸ਼ਾ ਨਾਲ ਧੁਰ ਅੰਦਰ ਤੋਂ ਜੁੜੇ ਹੋਏ ਹਨ।ਉਹਨਾਂ ਕਿ ਪੰਜਾਬੀ ਭਾਸ਼ਾ ਨੂੰ ਮਾਣ ਸਤਿਕਾਰ ਦਿਵਾਉਣ ਲਈ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਤੇ ਅਰਧ ਸਰਕਾਰੀ ਦਫਤਰਾਂ ਅਤੇ ਅਦਾਰਿਆਂ ਦੇ ਨਾਲ ਨਾਲ ਨਿੱਜੀ ਅਦਾਰਿਆਂ ਅਤੇ ਦੁਕਾਨਾਂ ਦੇ ਨਾਮ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਉਹਨਾਂ ਇਸ ਕਾਰਜ ਵਿੱਚ ਆਮ ਲੋਕਾਂ ਤੋਂ ਸਹਿਯੋਗ ਦੀ ਵੀ ਮੰਗ ਕੀਤੀ।ਉਹਨਾਂ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਲਈ ਕੀਤੇ ਜਾ ਰਹੇ ਕਾਰਜਾਂ ਦੀ ਵੀ ਸ਼ਲਾਘਾ ਕੀਤੀ।ਰਾਜਪਾਲ ਸਿੰਘ ਮਾਨ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਯਤਨ ਕਰਨੇ ਸਾਡਾ ਸਭ ਦਾ ਨੈਤਿਕ ਫਰਜ਼ ਹੈ।ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਪੰਜਾਬੀ ਭਾਸ਼ਾ ਅਤੇ ਬੋਲੀ ਦੀ ਵਰਤੋਂ ਕਰਦਿਆਂ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਕਿਸਮ ਦੀ ਹੀਣਤਾ।ਐੱਸ.ਐੱਸ.ਡੀ ਕਾਲਜ ਦੇ ਡਾਇਰੈਕਟਰ ਸ਼ਿਵ ਸਿੰਗਲਾ ਨੇ ਕਿਹਾ ਕਿ ਹੋਰ ਭਾਸ਼ਾਵਾਂ ਦੀ ਜਾਣਕਾਰੀ ਵਿਦਵਤਾ ਦੀ ਨਿਸ਼ਾਨੀ ਜਰੂਰ ਹੈ,ਪਰ ਉਸ ਤੋਂ ਵੀ ਵੱਡੀ ਵਿਦਵਤਾ ਆਪਣੀ ਮਾਤ ਭਾਸ਼ਾ ਨੂੰ ਸਦਾ ਅੰਗ ਸੰਗ ਰੱਖਣਾ ਹੈ।ਪੰਜਾਬੀ ਕਵੀ ਮਿੰਦਰਪਾਲ ਭੱਠਲ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਾਹਿਤ ਦੇ ਖੇਤਰ ‘ਚ ਉਤਸ਼ਾਹਿਤ ਕਰਨਾ ਸਮੇਂ ਦੀ ਮੁੱਖ ਜਰੂਰਤ ਹੈ। ਸਮਾਗਮ ‘ਚ ਬੁਲਾਰੇ ਵਜੋਂ ਪਹੁੰਚੇ ਪਰਗਟ ਸਿੰਘ ਟਿਵਾਣਾ ਨੇ ਕਿਹਾ ਕਿ ਬਿਨਾਂ ਸ਼ੱਕ ਪੰਜਾਬੀ ਭਾਸ਼ਾ ਨੂੰ ਪੰਜਾਬ ਵਿੱਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਰਪੇਸ਼ ਹਨ,ਪਰ ਕੌਮਾਂਤਰੀ ਪੱਧਰ ‘ਤੇ ਪੰਜਾਬੀ ਭਾਸ਼ਾ ਦਾ ਘੇਰਾ ਲਗਾਤਾਰ ਵਿਸ਼ਾਲ ਹੋ ਰਿਹਾ ਹੈ।ਉਹਨਾਂ ਕਿਹਾ ਕਿ ਵਿਸ਼ਵ ‘ਚ ਪੰਜਾਬੀ ਭਾਸ਼ਾ ਅਤੇ ਬੋਲੀ ਦਾ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ।ਉਹਨਾਂ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ‘ਤੇ ਵੀ ਜੋਰ ਦਿੱਤਾ।ਮਨਜੀਤ ਸਿੰਘ ਸਾਗਰ ਨੇ ਆਪਣੇ ਸੰਬੋਧਨ ‘ਚ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਨਾਲ ਪਿਆਰ ਕਰਨ ਲਈ ਪ੍ਰੇਰਿਤ ਕੀਤਾ।ਉਹਨਾਂ ਪਰਵਾਸ ਦੇ ਪੰਜਾਬੀ ਭਾਸ਼ਾ ਪ੍ਰਤੀ ਸਾਕਾਰਤਮਕ ਪੱਖਾਂ ਦਾ ਵਰਣਨ ਵੀ ਆਪਣੇ ਸੰਬੋਧਨ ‘ਚ ਕੀਤਾ।ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਕੌਮਾਂਤਰੀ ਪੱਧਰ ‘ਤੇ ਹੋਰ ਰਹੇ ਵਿਸਥਾਰ ਵਿੱਚ ਮੁੱਖ ਭੁਮਿਕਾ ਪਰਵਾਸੀ ਪੰਜਾਬੀਆਂ ਦੀ ਹੈ। ਵਿਚਾਰ ਚਰਚਾ ਉਪਰੰਤ ਕਵੀ ਦਰਬਾਰ ‘ਚ ਕਾਲਜ ਦੇ ਵਿਦਿਆਰਥੀ ਜੈਸ਼ਵੀਰ ਕੌਸ਼ਲ,ਡਾ.ਗਗਨਦੀਪ ਕੌਰ,ਡਾ.ਹਰਪ੍ਰੀਤ ਕੌਰ ਰੂਬੀ,ਪਰਮਿੰਦਰ ਕੌਰ ਪੈਮ,ਗੁਰਜੰਟ ਸਿੰਘ ਸਿੱਧੂ,ਮਲਕੀਤ ਸਿੰਘ ਗਿੱਲ ਭੱਠਲਾਂ,ਜਗਸੀਰ ਸਿੰਘ ਸੰਧੂ,ਕਰਮਜੀਤ ਭੋਤਨਾ,ਚਰਨੀ ਬੇਦਿਲ,ਸੁਰਜੀਤ ਸਿੰਘ ਸੰਧੂ,ਸਿੰਦਰ ਧੌਲਾ,ਰਜਨੀਸ਼ ਕੌਰ ਬਬਲੀ,ਰਾਜਿੰਦਰ ਕੁਮਾਰ ਸ਼ੌਂਕੀ,ਪਰਗਟ ਸਿੰਘ ਕਾਲੇਕੇ, ਦਲਬਾਰ ਸਿੰਘ ਧਨੌਲਾ ਅਤੇ ਗੁਰਮੇਲ ਸਿੰਘ ਰੂੜੇਕੇ ਕਲਾਂ ਨੇ ਆਪਣੀਆਂ ਕਵਿਤਾਵਾਂ,ਗਜ਼ਲਾਂ ਅਤੇ ਗੀਤਾਂ ਨਾਲ ਖੂਬ ਰੰਗ ਬੰਨਿਆ।ਐੱਸ.ਐੱਸ.ਡੀ ਕਾਲਜ ਦੇ ਪਿੰ੍ਰਸੀਪਲ ਡਾ.ਰਾਕੇਸ਼ ਜਿੰਦਲ ਨੇ ਸਮੂਹ ਪਹੁੰਚਣ ਵਾਲੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਪੰਜਾਬੀ ਭਾਸ਼ਾ ਅਤੇ ਬੋਲੀ ਦੇ ਪੰਜਾਬੀਆਂ ਦੇ ਰਗ ਰਗ ਵਿੱਚ ਵਸੇ ਹੋਣ ਦੀ ਗੱਲ ਕਹੀ।ਉਹਨਾਂ ਕਿਹਾ ਕਿ ਇਨਸਾਨ ਜਿਸ ਸਹਿਜਤਾ ਨਾਲ ਆਪਣੇ ਜ਼ਜਬਾਤ ਆਪਣੀ ਮਾਤ ਭਾਸ਼ਾ ਵਿੱਚ ਸਾਂਝੇ ਕਰ ਸਕਦਾ ਹੈ,ਉਸ ਤਰ੍ਹਾਂ ਕਿਸੇ ਹੋਰ ਭਾਸ਼ਾ ਵਿੱਚ ਕਦੇ ਵੀ ਸੰਭਵ ਨਹੀਂ।ਮੰਚ ਦਾ ਸੰਚਾਲਨ ਪ੍ਰੋ,ਹਰਪ੍ਰੀਤ ਕੌਰ ਅਤੇ ਪ੍ਰੋ.ਗੁਰਪਿਆਰ ਸਿੰਘ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਪਹੁੰਚਣ ਵਾਲੀਆਂ ਸਖਸ਼ੀਅਤਾਂ ਅਤੇ ਕਵੀਆਂ ਦਾ ਟਰਾਫੀਆਂ ਅਤੇ ਵਿਭਾਗੀ ਪੁਸਤਕਾਂ ਨਾਲ ਸਨਮਾਨ ਕੀਤਾ ਗਿਆ। ਸਮਾਗਮ ‘ਚ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਕਲਰਕ ਸੰਦੀਪ ਕੌਰ, ਗੋਬਿੰਦ ਸਿੰਘ, ਜਸਪ੍ਰੀਤ ਸਿੰਘ,ਕਾਲਜ ਦੇ ਵਾਈਸ ਪ੍ਰਿੰਸੀਪਲ ਭਾਰਤ ਭੂਸ਼ਨ, ਕਾਲਜ ਦੇ ਡੀਨ ਨੀਰਜ ਸ਼ਰਮਾ,ਕਾਲਜ ਦੇ ਪ੍ਰੋਫੈਸਰ ਸੁਨੀਤਾ ਗੋਇਲ, ਅਮਨਦੀਪ ਕੌਰ, ਗੁਰਪਿਆਰ ਸਿੰਘ, ਸੀਮਾ ਰਾਣੀ,ਸੁਖਪ੍ਰੀਤ ਕੌਰ, ਹਰਸ਼ਰਨ ਸਿੰਘ ਅਤੇ ਸਿਮਰਜੀਤ ਸਿੰਘ ਤੋਂ ਇਲਾਵਾ ਕਾਲਜ ਦੇ ਵਿਦਿਆਰਥੀ ਵੀ ਹਾਜ਼ਰ ਸਨ।