ਝੋਨੇ ਦੀ ਪਰਾਲੀ ਖੇਤਾਂ ਵਿਚ ਸੰਭਾਲ ਕੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਉੱਦਮੀ ਕਿਸਾਨ : ਗੁਰਪਿਆਰ ਸਿੰਘ

  • ਰੇਤਲੀ ਜ਼ਮੀਨ ਵਿਚ ਜੈਵਿਕ ਮਾਦਾ ਵਧਣ ਨਾਲ ਫ਼ਸਲਾਂ ਦੀ ਪੈਦਾਵਾਰ ਵਿੱਚ ਵੀ ਹੋਇਆ ਵਾਧਾ
  • ਕਿਸਾਨ ਡੀਏਪੀ ਦੇ ਬਦਲ ਵਜੋਂ ਹੋਰ ਖਾਦਾਂ ਦੀ ਵੀ ਵਰਤੋਂ ਕਰ ਸਕਦੇ ਹਨ- ਡਾ. ਅਮਰੀਕ ਸਿੰਘ 

ਫਰੀਦਕੋਟ, 18 ਨਵੰਬਰ 2024 : ਸਾਲ 2024-25 ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਦੇ ਮਿਥੇ ਟੀਚੇ ਦੀ ਪੂਰਤੀ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਇਸ ਦੇ ਨਾਲ ਹੀ ਬਹੁਤ ਸਾਰੇ ਕਿਸਾਨਾਂ ਵੱਲੋਂ ਵੀ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਸੰਭਾਲਣ ਦੀ ਕਿਸਾਨਾਂ ਅੰਦਰ ਰੁਚੀ ਵਧ ਰਹੀ ਹੈ।ਅਜਿਹੇ ਕਿਸਾਨਾਂ ਵਿੱਚ  ਪਿੰਡ ਭਾਗਥਲਾ ਦਾ ਰਹਿਣਵਾਲਾ ਅਗਾਂਹਵਧੂ ਕਿਸਾਨ ਸ਼੍ਰੀ ਗੁਰਪਿਆਰ ਸਿੰਘ ਹੈ ਜੋ  ਪਿਛਲੇ ਦੋ ਸਾਲਾਂ ਤੋ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ । ਇਸ ਤਰਾਂ ਇਹ ਕਿਸਾਨ ਦੂਸਰੇ ਕਿਸਾਨਾਂ ਲਈ ਇੱਕ  ਮਿਸਾਲ ਬਣ ਕੇ ਕਿਸਾਨਾਂ ਲਈ ਚਾਨਣ ਮੁਨਾਰੇ ਵਜੋਂ ਸਮਾਜ ਵਿਚ ਵਿਚਰ ਰਿਹਾ ਹੈ।ਪਿੰਡ ਭਾਗਥਲਾ ਕਲਾਂ ਦਾ ਕਿਸਾਨ ਗੁਰਪਿਆਰ ਸਿੰਘ ਸੁਪਰ ਐੱਸ ਐੱਮ ਐਸ ਕੰਬਾਈਨ ਨਾਲ ਵਢਾਏ ਗਏ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਸਾੜਿਆਂ ਕਣਕ ਦੀ ਹੈਪੀ ਸੀਡਰ ਨਾਲ ਬਿਜਾਈ ਕਰਕੇ ਜਿੱਥੇ ਦੂਜੇ ਕਿਸਾਨਾਂ ਲਈ ਰਾਹ ਦਸੇਰਾ ਬਣ ਰਿਹਾ ਹੈ, ਉੱਥੇ ਖੇਤ ਦੀ ਵਹਾਈ ਉੱਤੇ ਹੋਣ ਵਾਲਾ ਆਪਣਾ ਖਰਚਾ ਵੀ ਬਚਾਅ ਰਿਹਾ ਹੈ। ਉਕਤ ਕਿਸਾਨ ਨੇ ਪਿਛਲੇ ਵਰ੍ਹੇ ਦੋ ਏਕੜ ਕਣਕ ਹੈਪੀ ਸੀਡਰ ਨਾਲ ਬੀਜੀ ਸੀ ਤੇ ਇਸ ਵਰ੍ਹੇ ਛੇ ਏਕੜ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕੀਤੀ ਹੈ। ਕਿਸਾਨ ਨੇ ਦੱਸਿਆਂ ਕਿ ਇਸ ਵਰ੍ਹੇ ਉਸਨੇ ਛੇ ਏਕੜ ਕਣਕ ਦੀ ਸਿੱਧੀ ਬਿਜਾਈ ਹੈਪੀ ਸੀਡਰ ਨਾਲ ਕੀਤੀ ਹੈ। ਇਸ ਨਾਲ ਕਣਕ ਬੀਜਣ ਲਈ ਇੱਕ ਏਕੜ ਦੀ ਤੀਹਰੀ ਵਹਾਈ ’ਤੇ ਲੱਗਣ ਵਾਲੇ 25 ਲਿਟਰ ਦੇ ਕਰੀਬ ਡੀਜ਼ਲ ਦੀ ਬੱਚਤ ਹੋਈ ਹੈ। ਕਿਸਾਨ ਨੇ ਦੱਸਿਆ ਕਿ ਪਿੱਛਲੇ ਸਾਲ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਉਸਦਾ ਔਸਤਨ ਝਾੜ 63 ਮਣ ਪ੍ਰਤੀ ਏਕੜ ਰਿਹਾ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੋਇਆ। ਇਸ ਮੌਕੇ ਮੌਜੂਦ ਡਾ. ਰਾਜਵੀਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਦੱਸਿਆਂ ਕਿ ਇਸ ਤਕਨੀਕ ਨਾਲ ਕਣਕ ਬੀਜਣ ਵਿੱਚ ਨਦੀਨਾਂ ਦੀ ਸਮੱਸਿਆ ਵੀ ਨਹੀਂ ਆਉਂਦੀ। ਉਹਨਾਂ ਹੋਰਨਾਂ ਕਿਸਾਨਾਂ ਨੂੰ ਸਲਾਹ ਦਿੰਦੇ ਕਿਹਾ ਕਿ ਹੈਪੀ ਸੀਡਰ ਨਾਲ ਕਣਕ ਬੀਜਣ ਸਮੇਂ ਖੇਤ ਖੁਸ਼ਕ ਨਹੀਂ ਹੋਣਾ ਚਾਹੀਦਾ ਅਤੇ ਸਹੀ ਸਮੇਂ ਵਿੱਚ ਹੀ ਕਣਕ ਦੀ ਬਿਜਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪਰਾਲੀ ਸਾੜਨ ਨਾਲ ਪ੍ਰਦੂਸ਼ਿਤ ਹੁੰਦੇ ਵਾਤਾਵਰਨ ਨੂੰ ਵੀ ਬਚਾਇਆ ਜਾ ਸਕਿਆ ਹੈ ਅਤੇ ਹੋਰਨਾਂ ਕਿਸਾਨਾਂ  ਨੂੰ ਵੀ ਪਰਾਲੀ ਸਾੜਨ ਦੀ ਥਾਂ ਹੈਪੀ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਕਰਕੇ ਆਪਣੇ ਖਰਚੇ ਘਟਾਉਣ ਤੇ ਵਾਤਾਵਰਨ ਬਚਾਉਣ ਦਾ ਸੱਦਾ ਦਿੱਤਾ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਕਿਸਾਨ ਗੁਰਪਿਆਰ  ਸਿੰਘ ਦੀ ਤਰ੍ਹਾਂ ਆਪਣੇ ਖੇਤਾਂ ਵਿੱਚ ਝੋਨੇ ਦੀ ਫਸਲ ਦੀ ਰਹਿਦ ਖੂੰਦ ਨੂੰ ਅੱਗ ਨਾ ਲਗਾਉਣ ਤਾ ਜ਼ੋ ਜਮੀਨ ਦੀ ਉਪਜਾਊ ਸ਼ਕਤੀ ਬਣੀ ਰਹੇ। ਉਨ੍ਹਾਂ ਕਿਹਾ ਕਣਕ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਣਕ ਦੇ ਬੀਜ ਨੂੰ  ਬਿਜਾਈ ਤੋਂ ਪਹਿਲਾਂ 160 ਮਿਲੀ ਲਿਟਰ ਕਲੋਰੋਪਾਈਰੀਫਾਸ 20 ਜਾਂ 80 ਮਿਲੀ ਲਿਟਰ ਇਮਿਡਾਕਲੋਪਰਿਡ+ਹੈਕਸਾਕੋਨਾਜ਼ੋਲ ਨਾਲ ਸੋਧ ਲੈਣਾ ਚਾਹੀਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕਣਕ ਦੀ ਕਾਸ਼ਤ ਲਈ ਫਾਸਫੋਰਸ ਦੀ ਪੂਰਤੀ ਲਈ ਹੁਣ ਡੀ ਏ ਪੀ ਦੇ ਹੋਰ ਬਦਲ ਬਾਜ਼ਾਰ ਵਿਚ ਮੌਜੂਦ ਹਨ, ਜਿਨ੍ਹਾਂ ਵਿੱਚ ਟ੍ਰਿਪਲ ਸੁਪਰ ਫਾਸਫੇਟ ਖਾਦ ,ਸਿੰਗਲ ਸੁਪਰ ਫਾਸਫੇਟ ਅਤੇ ਹੋਰ ਫਾਸਫੈਟਿਕ ਖਾਦਾਂ ਦੇ ਨਾਮ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਟ੍ਰਿਪਲ ਸਪਰ ਫਾਸਫੇਟ ਵਿੱਚ ਡੀ ਏ ਪੀ ਵਾਂਗੂ 46% ਫਾਸਫੋਰਸ ਤੱਤ ਹੁੰਦਾ ਹੈ ਅਤੇ ਇਸ ਦੀ ਕੀਮਤ ਪ੍ਰਤੀ ਬੋਰੀ 1250/-ਰੁਪਏ ਹੈ ਜਦ ਕਿ ਡੀ ਏ ਪੀ ਦੀ ਕੀਮਤ ਪ੍ਰਤੀ ਬੈਗ 1350/- ਰੁਪਏ ਹੈ।ਉਨਾਂ ਦੱਸਿਆ ਕਿ ਕਿਸਾਨ ਖਾਦ (12:32:16) ਦੀ ਵਰਤੋਂ ਵੀ ਡੀ ਏ ਪੀ ਦੇ ਬਦਲ ਵੱਜੋਂ ਵੀ ਕੀਤੀ ਜਾ ਸਕਦੀ ਹੈ ।