- ਪਰਾਲੀ ਪ੍ਰਬੰਧਨ ਤੇ ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਮਸ਼ੀਨਰੀ- ਡਾ ਕੁਲਵੀਰ
ਮਾਲੇਰਕੋਟਲਾ 10 ਨਵੰਬਰ : ਪਰਾਲੀ ਸਾੜਨ ਤੋਂ ਤੁਰੰਤ ਰੋਕਣ ਲਈ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਇੰਨ-ਬਿੰਨ ਤੇ ਸਖਤੀ ਨਾਲ ਕਰਨੀ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਅਗਵਾਈ ਵਿੱਚ ਜ਼ਿਲ੍ਹੇ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪੰਜਾਬ ਸਰਕਾਰ ਵਲੋਂ ਸਬਸਿਡੀ ਤੇ ਪਰਾਲੀ ਦੇ ਯੋਗ ਪ੍ਰਬੰਧਨ ਲਈ ਮੁਹੱਈਆ ਕਰਵਾਈ ਜਾ ਰਹੀ ਮਸ਼ੀਨਰੀ ਦੀ ਵਰਤੋਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਕੜੀ ਤਹਿਤ ਖੇਤੀਬਾੜੀ ਵਿਭਾਗ ਦੇ ਬਲਾਕ ਅਹਿਮਦਗੜ ਅਤੇ ਮਲੇਰਕੋਟਲਾ ਵੱਲੋਂ ਪਿੰਡ ਜਿੱਤਵਾਲ ਕਲਾਂ, ਕੁੱਪ ਖੁਰਦ, ਮਾਨਾ ਖੇੜੀ, ਮਹੋਲੀ ਕਲਾਂ, ਖੁਰਦ, ਫਿਰੋਜ਼ਪੁਰ, ਮਿੱਠੇਵਾਲ, ਨਾਰੀਕੇ, ਦੁਗਰੀ, ਭੁਰਥਲਾ ਮੰਡੇਰ, ਝੱਲ ਅਤੇ ਲਾਂਗੜੀਆਂ ਵਿਖੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਪੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਆਮ ਲੋਕਾਂ ਦੇ ਨਾਲ ਨਾਲ ਕਿਸਾਨਾਂ ਨੂੰ ਅੱਗਾਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕੀਤਾ ਜਾ ਸਕੇ। ਖੇਤੀਬਾੜੀ ਵਿਕਾਸ ਅਫ਼ਸਰ ਡਾ ਕੁਲਵੀਰ ਸਿੰਘ ਨੇ ਪਿੰਡ ਜਿੱਤਵਾਲ ਵਿਖੇ ਆਮ ਲੋਕਾਂ ਸਮੇਤ ਕਿਸਾਨਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਕਿਸਾਨਾਂ ਨੂੰ ਪਰਾਲੀ ਬਿਨ੍ਹਾਂ ਸਾੜੇ ਇਸਦੇ ਸੁਚੱਜੇ ਪ੍ਰਬੰਧਨ ਲਈ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ । ਉਨ੍ਹਾਂ ਹੋਰ ਕਿਹਾ ਕਿ ਪਰਾਲੀ ਪ੍ਰਬੰਧਨ ਤੇ ਖਾਸ ਕਰਕੇ ਕਣਕ ਦੀ ਬਿਜਾਈ ਬਿਨ੍ਹਾਂ ਪਰਾਲੀ ਸਾੜੇ ਕਰਨ ਲਈ ਹੈਪੀ ਸੀਡਰ, ਸੁਪਰ ਸੀਡਰ ਤੇ ਸਰਫ਼ੇਸ ਸੀਡਰ ਆਦਿ ਮਸ਼ੀਨਾਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮਸ਼ੀਨਾਂ ਲੈਣ ਲਈ ਆਪਣੇ ਨੇੜਲੇ ਖੇਤੀਬਾੜੀ ਦਫਤ਼ਰ ਵਿਖੇ ਸੰਪਰਕ ਕਰ ਸਕਦੇ ਹਨ ।