ਪਟਿਆਲਾ, 21 ਅਪ੍ਰੈਲ : ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਨੇ ਜੋ ਸੁਪਨਾ ਲਿਆ ਸੀ, ਉਸਨੂੰ ਸਾਕਾਰ ਕਰਨ ਲਈ ਸਾਨੂੰ ਸਾਰਿਆਂ ਨੂੰ ਰਲਕੇ ਹੰਭਲਾ ਮਾਰਨ ਦੀ ਲੋੜ ਹੈ।'' ਇਹ ਪ੍ਰਗਟਾਵਾ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕੀਤਾ। ਵਿਧਾਇਕ ਕੋਹਲੀ, ਅੱਜ ਨਗਰ ਨਿਗਮ ਸਵੀਪਰ ਯੂਨੀਅਨ ਦੇ ਪ੍ਰਧਾਨ ਸੁਨੀਲ ਕੁਮਾਰ ਬਿਡਲਾਨ, ਜਨਰਲ ਸਕੱਤਰ ਵਿਜੇ ਸੰਗਰ ਤੇ ਖ਼ਜ਼ਾਨਚੀ ਰਾਜਿੰਦਰ ਕੁਮਾਰ ਵੱਲੋਂ ਇੱਥੇ ਨਗਰ ਨਿਗਮ ਵਿਖੇ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ 132ਵੇਂ ਜਨਮ ਦਿਨ ਨੂੰ ਸਮਰਪਿਤ ਕਰਵਾਏ ਗਏ ਵਿਸ਼ਾਲ ਸਤਸੰਗ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਹੋਏ ਸਨ। ਇਹ ਸਮਾਗਮ ਕਰਵਾਉਣ ਲਈ ਸਵੀਪਰ ਯੂਨੀਅਨ ਦੀ ਪ੍ਰਸੰਸਾ ਕਰਦਿਆਂ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਬਾਬਾ ਸਾਹਿਬ ਨੇ ਰੇਹੜੇ ਟਾਂਗਿਆਂ ਦੇ ਉਸ ਪੁਰਾਣੇ ਜਮਾਨੇ 'ਚ ਰਚਿਆ ਸੰਵਿਧਾਨ ਅੱਜ ਵੀ ਉਨੀ ਹੀ ਮਹੱਤਤਾ ਰੱਖਦਾ ਹੈ, ਇਸ ਲਈ ਬਾਬਾ ਸਾਹਿਬ ਦੀ ਸੋਚ ਨੂੰ ਸਲਾਮ ਹੈ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਸਾਡੇ ਰੋਲ ਮਾਡਲ ਹਨ, ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇਕੇ ਅਤੇ ਦਿੱਤੇ ਸਿਧਾਂਤ, ਪੜੋ, ਜੁੜੋ ਤੇ ਸੰਘਰਸ਼ ਕਰੋ 'ਤੇ ਚਲਦਿਆਂ ਹੀ ਸਮਾਜ ਨੂੰ ਤਰੱਕੀ ਦੀ ਰਾਹ 'ਤੇ ਲਿਜਾਇਆ ਜਾ ਸਕਦਾ ਹੈ। ਅਜੀਤਪਾਲ ਸਿੰਘ ਕੋਹਲੀ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਡਾ. ਭੀਮ ਰਾਓ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਆਮ ਲੋਕਾਂ ਤੱਕ ਪੁੱਜਦਾ ਕਰਨ ਲਈ ਸਰਕਾਰੀ ਦਫ਼ਤਰਾਂ 'ਚ ਡਾ. ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਾਉਣ ਦਾ ਫੈਸਲਾ ਕੀਤਾ।ਵਿਧਾਇਕ ਕੋਹਲੀ ਨੇ ਪ੍ਰਧਾਨ ਸੁਨੀਲ ਬਿਡਲਾਨ ਵੱਲੋਂ ਰੱਖੀਆਂ ਮੰਗਾਂ 'ਤੇ ਹਾਂ ਪੱਖੀ ਹੁੰਗਾਰਾ ਦਿੰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਮੁਲਾਜਮਾਂ ਨੂੰ ਕੱਚੇ ਅਤੇ ਠੇਕੇ 'ਤੇ ਰੱਖਕੇ ਉਨ੍ਹਾਂ ਦਾ ਸੋਸ਼ਣ ਕਰਨ ਦਾ ਢੰਗ ਲੱਭ ਲਿਆ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਲੋਕ ਪੱਖੀ ਸੋਚ ਦਾ ਪ੍ਰਗਟਾਵਾ ਕਰਦਿਆਂ ਇੱਕ ਨੀਤੀ ਬਣਾਕੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਬੀੜਾ ਉਠਾਇਆ ਹੈ। ਪ੍ਰਧਾਨ ਸੁਨੀਲ ਬਿਡਲਾਨ ਨੇ ਵਿਧਾਇਕ ਕੋਹਲੀ ਦਾ ਸਵਾਗਤ ਕਰਦਿਆਂ ਮੰਗ ਰੱਖੀ ਕਿ ਨਗਰ ਨਿਗਮ ਦਾ ਦਾਇਰਾ ਤੇ ਸ਼ਹਿਰ ਦਾ ਆਕਾਰ ਵੱਧਣ ਦੇ ਬਾਵਜੂਦ ਹੁਣ 1990 'ਚ 1470 ਸਫਾਈ ਸੇਵਕਾਂ ਦੇ ਮੁਕਾਬਲੇ ਕੇਵਲ 945 ਸਫਾਈ ਸੇਵਕ ਹਨ, ਇਸ ਲਈ ਸਫਾਈ ਸੇਵਕਾਂ ਦੀ ਹੋਰ ਭਰਤੀ ਕੀਤੀ ਜਾਵੇ। ਇਸ ਮੌਕੇ ਵੀਰ ਰਕੇਸ਼ ਰਾਹੀ ਤੇ ਪਵਨ ਦ੍ਰਾਵਿੜ ਨੇ ਡਾ. ਅੰਬੇਦਕਰ ਦੇ ਗੁਣ ਗਾਇਨ ਕੀਤੇ। ਸਮਾਰੋਹ 'ਚ ਸੰਯੁਕਤ ਕਮਿਸ਼ਨਰ ਜੀਵਨ ਜੋਤ ਕੌਰ ਤੇ ਨਮਨ ਮਾਰਕੰਨ, ਪਰਦੀਪ ਸਿੰਘ ਪਠਾਣਮਾਜਰਾ, ਦਲਜੀਤ ਸਿੰਘ ਦਾਨੀਪੁਰ, ਸਾਗਰ ਧਾਲੀਵਾਲ, ਜਗਮੋਹਨ ਚੌਹਾਨ, ਸੰਜੀਵ ਕੁਮਾਰ, ਸਲਾਹਕਾਰ ਕੁਲਦੀਪ ਸ਼ਰਮਾ, ਹੋਰ ਯੂਨੀਅਨਾਂ ਦੇ ਪ੍ਰਧਾਨ ਹੰਸ ਰਾਜ ਬਨਵਾਰੀ, ਗੁਲਸ਼ਨ ਕੁਮਾਰ, ਅਰੁਣ ਗਿੱਲ, ਮਨੋਜ ਰਾਣੀ, ਲਾਭ ਸਿੰਘ, ਸੁਸ਼ੀਲ ਕੁਮਾਰ, ਫ਼ਤਿਹ ਚੰਦ, ਪ੍ਰਵੀਨ ਕੁਮਾਰ, ਸੋਮਨ ਨਾਥ ਚੌਬੜ, ਗੁਰਮੇਲ ਸਿੰਘ, ਨੰਦ ਲਾਲ ਟਾਕ, ਕੇਵਲ ਕ੍ਰਿਸ਼ਨ, ਰਾਜੇਸ਼ ਮਨੀ, ਜਸਪ੍ਰੀਤ ਜੱਸੀ, ਸੀਤਾ ਰਾਮ, ਲਖਵਿੰਦਰ ਸਿੰਘ, ਰਣ ਸਿੰਘ, ਯੁਗੇਸ਼ ਕੁਮਾਰ, ਮਨਪ੍ਰੀਤ ਸਿੰਘ, ਕਾਸ਼ ਰਾਣਾ ਸਮੇਤ ਹੋਰ ਪਤਵੰਤੇ ਵੱਡੀ ਗਿਣਤੀ 'ਚ ਮੌਜੂਦ ਸਨ।