- ਸਕੂਲੀ ਬੱਚਿਆਂ ਨੂੰ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਸਮੇਂ ਸਿਰ ਕਰਵਾਉਣ ਲਈ ਜਾਗਰੂਕ ਕਰਨ ਦੀਆਂ ਹਦਾਇਤਾਂ ਜਾਰੀ
ਮੋਗਾ, 30 ਮਈ :ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਮੋਗਾ ਸ੍ਰੀਮਤੀ ਅਨੀਤਾ ਪੁਰੀ ਨੇ ਅੱਜ ਜ਼ਿਲ੍ਹਾ ਦੇ ਸਮੂਹ ਬਲਾਕ ਪ੍ਰਾਇਮਰੀ ਅਫ਼ਸਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਉਨ੍ਹਾਂ ਸਮੂਹ ਬੀ.ਪੀ.ਓਜ਼ ਨੂੰ ਹਦਾਇਤ ਜਾਰੀ ਕੀਤੀ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ 21 ਦਿਨਾਂ ਦੇ ਅੰਦਰ ਅੰਦਰ ਕਰਵਾਉਣ ਲਈ ਅਤੇ ਇਸ ਦੇ ਲਾਭਾਂ ਪ੍ਰਤੀ ਜਾਗਰੂਕ ਕਰਵਾਉਣ ਲਈ ਯੋਗ ਗਤੀਵਿਧੀਆਂ ਕਰਵਾਈਆਂ ਜਾਣੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਰਟੀਫਿਕੇਟ ਵਿੱਚ ਦਰੁੱਸਤੀ ਫਾਈਲ ਨਾਲ ਲਗਾਉਣ ਲਈ ਜੋ ਲੈਟਰ ਪੈਡ ਤੇ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਸਹੀ ਅਤੇ ਪੂਰੇ ਦਫ਼ਤਰੀ ਤੱਥਾਂ ਸਹਿਤ ਜਾਰੀ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ 21 ਦਿਨਾਂ ਦੇ ਅੰਦਰ ਅੰਦਰ ਕਰਵਾਉਣ ਦੇ ਬਹੁਤ ਸਾਰੇ ਲਾਭ ਹਨ। ਜਨਮ ਅਤੇ ਮੌਤ ਦੇ ਐਕਟ 1969 ਦੀ ਧਾਰਾ 8(1) ਅਨੁਸਾਰ ਐਕਸੀਡੈਂਟਲ ਕੇਸਾਂ ਵਿੱਚ ਪੁਲਿਸ ਵਿਭਾਗ ਵੱਲੋਂ ਨਿਯੁਕਤ ਤਫ਼ਤੀਸ਼ੀ ਅਫ਼ਸਰ ਵੱਲੋਂ ਮ੍ਰਿਤਕ ਦਾ ਮੌਤ ਦਾ ਇੰਦਰਾਜ ਕਰਵਾਉਣਾ ਲਾਜਮੀ ਹੁੰਦਾ ਹੈ ਤਾਂ ਜੋ ਸਬੰਧਤ ਨੂੰ ਮੌਤ ਸਰਟੀਫਿਕੇਟ ਪ੍ਰਾਪਤ ਹੋ ਸਕੇ। ।ਸਮੂਹ ਬਲਾਕ ਪ੍ਰਾਇਮਰੀ ਅਫ਼ਸਰਾਂ ਨੇ ਵਿਸ਼ਵਾਸ਼ ਦਿਵਾਇਆ ਕਿ ਸਕੂਲੀ ਬੱਚਿਆਂ ਨੂੰ ਪ੍ਰਤੀ ਦਿਨ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਨੂੰ 21 ਦਿਨਾਂ ਦੇ ਅੰਦਰ ਅੰਦਰ ਕਰਵਾਉਣ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਸ੍ਰੀ ਨਿਸ਼ਾਨ ਸਿੰਘ ਵੀ ਹਾਜ਼ਰ ਸਨ।