- ਅਮਰੀਕਾ 'ਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਯਤਨਸ਼ੀਲ ਪੰਜਾਬੀ ਵਿਦਿਆਰਥੀ ਗੁਰਇੱਕਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।
ਬਰਨਾਲਾ,22 ਜਨਵਰੀ : ਭਾਸ਼ਾ ਵਿਭਾਗ ਪੰਜਾਬ ਵੱਲੋਂ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਇਹਨਾਂ ਉਪਰਾਲਿਆਂ ਤਹਿਤ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ "ਕੌਮਾਂਤਰੀ ਪੱਧਰ 'ਤੇ ਪੰਜਾਬੀ ਭਾਸ਼ਾ ਦਾ ਵਰਤਮਾਨ ਅਤੇ ਭਵਿੱਖ" ਵਿਸ਼ੇ 'ਤੇ ਵਿਚਾਰ ਚਰਚਾ ਕਰਵਾਈ ਗਈ। ਜਾਣਕਾਰੀ ਦਿੰਦਿਆਂ ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਹਰਪ੍ਰੀਤ ਕੌਰ ਦੇ ਮਾਰਗ ਦਰਸ਼ਨ ਹੇਠ ਕਰਵਾਏ ਵਿਚਾਰ ਚਰਚਾ ਸਮਾਗਮ 'ਚ ਜ਼ਿਲ੍ਹੇ ਦੀਆਂ ਸਾਹਿਤਕ ਸਭਾਵਾਂ ਦੇ ਆਹੁੱਦੇਦਾਰਾਂ ਅਤੇ ਸਾਹਿਤਕਾਰਾਂ ਸਮੇਤ ਅਮਰੀਕਾ 'ਚ ਪੜ੍ਹਾਈ ਕਰ ਰਹੇ ਵਿਦਿਆਰਥੀ ਗੁਰਇੱਕਪ੍ਰੀਤ ਸਿੰਘ ਵੱਲੋਂ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਗਈ।ਉਹਨਾਂ ਦੱਸਿਆ ਕਿ ਇਸ ਵਿਦਿਆਰਥੀ ਵੱਲੋਂ ਪੰਜਾਬੀ ਭਾਸ਼ਾ ਦੀ ਕੌਮਾਂਤਰੀ ਪੱਧਰ 'ਤੇ ਪਹਿਚਾਣ ਬਣਾਉਣ ਲਈ ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਰਹੀਆਂ ਹਨ।ਅਮਰੀਕਾ ਦੇ ਨਿਊਜਰਸੀ ਸੂਬੇ 'ਚ ਸਕੂਲੀ ਵਿਦਿਆਰਥੀ ਨੂੰ ਪੰਜਾਬੀ ਭਾਸ਼ਾ ਅਤੇ ਸਿੱਖ ਇਤਿਹਾਸ ਪੜ੍ਹਾਉਣ ਲਈ ਪਾਸ ਹੋਏ ਬਿੱਲ ਨੂੰ ਇਸ ਮੁਕਾਮ 'ਤੇ ਪਹੁੰਚਾੳਣ ਵਿੱਚ ਇਸ ਵਿਦਿਆਰਥੀ ਦੀ ਅਹਿਮ ਭੂਮਿਕਾ ਰਹੀ ਹੈ।ਉਹਨਾਂ ਕਿਹਾ ਕਿ ਇਸ ਵਿਦਿਆਰਥੀ ਦੀਆਂ ਪ੍ਰਾਪਤੀਆਂ ਪਰਵਾਸ ਦੇ ਸਾਕਾਰਤਮਕ ਪੱਖ ਨੂੰ ਉਜਾਗਰ ਕਰਨ ਵਾਲੀਆਂ ਹਨ।ਭਾਸ਼ਾ ਅਧਿਕਾਰੀ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਮਾਣ ਵਿੱਚ ਵਾਧੇ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਵੀ ਹਾਜ਼ਰੀਨ ਨਾਲ ਸਾਂਝੀ ਕੀਤੀ।ਗੁਰਇੱਕਪ੍ਰੀਤ ਸਿੰਘ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ ਪ੍ਰਤੀ ਸਨੇਹ ਦੀ ਭਾਵਨਾ ਉਸ ਨੂੰ ਪਰਿਵਾਰ ਤੋਂ ਵਿਰਸੇ ਵਿੱਚੋਂ ਮਿਲੀ ਹੈ।ਉਸ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਵਿਸ਼ਵ ਦੀਆਂ ਮੋਹਰੀ ਭਾਸ਼ਾਵਾਂ ਵਜੋਂ ਵਿਸ਼ਵ ਦੇ ਹਰ ਕੋਨੇ 'ਚ ਵੇਖਣਾ ਉਸ ਦੀ ਜ਼ਿੰਦਗੀ ਦਾ ਸੁਪਨਾ ਹੈ।ਅੱਗੇ ਬੋਲਦਿਆਂ ਉਸ ਨੇ ਕਿਹਾ ਕਿ ਨਿਊਜਰਸੀ ਸੂਬੇ ਤੋਂ ਬਾਅਦ ਅਮਰੀਕਾ ਦੇ ਹੋਰਨਾਂ ਸੂਬਿਆਂ 'ਚ ਪੰਜਾਬੀ ਭਾਸ਼ਾ ਨੂੰ ਸਕੂਲੀ ਪਾਠਕ੍ਰਮ ਵਿੱਚ ਸ਼ਾਮਿਲ ਕਰਵਾਉਣਾ ਉਸ ਦਾ ਅਗਲਾ ਟੀਚਾ ਹੈ।ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਨੇ ਕਿਹਾ ਕਿ ਪਰਿਵਾਰ 'ਚ ਪੀੜੀ ਦਰ ਪੀੜੀ ਪੰਜਾਬੀ ਭਾਸ਼ਾ ਪ੍ਰਤੀ ਪੈਦਾ ਹੋ ਰਿਹਾ ਪਿਆਰ ਮਨ ਨੂੰ ਸਕੂਨ ਦੇਣ ਵਾਲਾ ਅਹਿਸਾਸ ਹੈ।ਗੁਰਇੱਕਪ੍ਰੀਤ ਸਿੰਘ ਵੱਲੋਂ ਕੌਮਾਂਤਰੀ ਪੱਧਰ 'ਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਮੱਦੇਨਜ਼ਰ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕਰਨ ਦੇ ਨਾਲ ਨਾਲ ਉਹਨਾਂ ਦੇ ਪਰਿਵਾਰ ਦਾ ਵੀ ਸਨਮਾਨ ਕੀਤਾ ਗਿਆ।ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ.ਸੰਪੂਰਨ ਸਿੰਘ ਟੱਲੇਵਾਲੀਆ ਵੱਲੋਂ ਵੀ ਗੁਰਇੱਕਪ੍ਰੀਤ ਸਿੰਘ ਦਾ ਸਨਮਾਨ ਕੀਤਾ ਗਿਆ। ਵਿਚਾਰ ਚਰਚਾ ਦੌਰਾਨ ਆਪਣੇ ਸੰਬੋਧਨ 'ਚ ਗੁਰਪ੍ਰੀਤ ਸਿੰਘ ਗੰਡਾ ਵਾਲਾ,ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ,ਲੋਕ ਰੰਗ ਪ੍ਰਕਾਸ਼ਨ ਦੇ ਪ੍ਰਧਾਨ ਭੋਲਾ ਸਿੰਘ ਸੰਘੇੜਾ,ਗੁਰਜੰਟ ਸਿੰਘ ਸਿੱਧੂ,ਰਾਮ ਸਿੰਘ ਬੀਹਲਾ,ਮਨਜੀਤ ਸਿੰਘ ਸਾਗਰ,ਰਾਮ ਸਰੂਪ ਸ਼ਰਮਾ,ਮਾਲਵਿੰਦਰ ਸ਼ਾਇਰ,ਗੁਰਜੀਤ ਸਿੰਘ ਖੁੱਡੀ,ਲਖਵਿੰਦਰ ਸ਼ਰਮਾ ਅਤੇ ਰਵੀ ਸ਼ੇਰਗਿੱਲ ਨੇ ਇੱਕਮੱਤ ਹੁੰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਭਵਿੱਖ ਸੂਬਾਈ,ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਰੌਸ਼ਨ ਹੈ ਬਸ਼ਰਤੇ ਅਸੀਂ ਸਮੂਹ ਪੰਜਾਬੀ ਇਸ ਨੂੰ ਆਪੋ ਆਪਣੇ ਪਰਿਵਾਰਾਂ ਵਿੱਚ ਜੀਵਿਤ ਰੱਖੀਏ।ਸਮੂਹ ਬੁਲਾਰਿਆਂ ਵੱਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਇਸ ਉਪਰਾਲੇ ਲਈ ਪ੍ਰਸ਼ੰਸ਼ਾ ਵੀ ਕੀਤੀ ਗਈ। ਇਸ ਮੌਕੇ ਦਫ਼ਤਰ ਦੇ ਸੀਨੀਅਰ ਸਹਾਇਕ ਸਰਬਜੀਤ ਕੌਰ,ਕਲਰਕ ਸੰਦੀਪ ਕੌਰ,ਗੋਬਿੰਦ ਸਿੰਘ ਅਤੇ ਜਸਪ੍ਰੀਤ ਸਿੰਘ ਵੀ ਹਾਜ਼ਰ ਸਨ।ਮੰਚ ਸੰਚਾਲਨ ਦਾ ਫਰਜ਼ ਗੁਰਜੰਟ ਸਿੰਘ ਸਿੱਧੂ ਵੱਲੋਂ ਨਿਭਾਇਆ ਗਿਆ। ਫੋਟੋ ਕੈਪਸ਼ਨ:ਗੁਰਇੱਕਪ੍ਰੀਤ ਸਿੰਘ ਦਾ ਸਨਮਾਨ ਕਰਦੇ ਹੋਏ ਭਾਸ਼ਾ ਅਧਿਕਾਰੀ ਅਤੇ ਹੋਰ।