- ਕੋਈ ਵੀ ਕੇਸਾਧਾਰੀ ਸਿੱਖ ਵੋਟਰ ਐਸ.ਜੀ.ਪੀ.ਸੀ. ਦੀ ਵੋਟ ਬਣਾਉਣ ਤੋਂ ਵਾਝਾਂ ਨਾ ਰਹੇ - ਡਿਪਟੀ ਕਮਿਸ਼ਨਰ
- 29 ਫਰਵਰੀ 2024 ਤੱਕ ਕਰਵਾਈ ਜਾ ਸਕਦੀ ਹੈ ਰਜਿਸਟ੍ਰੇਸ਼ਨ:ਡੀ.ਸੀ.
ਫ਼ਰੀਦਕੋਟ 22 ਜਨਵਰੀ : ਅੱਜ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਗੁਰਦੁਆਰਾ ਹਰਿੰਦਰਾ ਨਗਰ ਵਿਖੇ ਰੱਖੇ ਗਏ ਕੈਂਪ ਵਿੱਚ ਸ਼ਿਰਕਤ ਕਰਕੇ ਕੇਸਧਾਰੀ ਵੋਟਰਾਂ ਨੂੰ ਐਸ.ਜੀ.ਪੀ.ਸੀ ਵੋਟਾਂ ਬਣਾਉਣ ਲਈ ਉਲੀਕੇ ਗਏ ਇਸ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਵੋਟ ਬਣਾਉਣ ਦੀ ਅਪੀਲ ਦੁਹਰਾਈ। ਉਨ੍ਹਾਂ ਇਸ ਮੌਕੇ ਵੋਟਾਂ ਬਣਾਉਣ ਵਾਸਤੇ ਪਹੁੰਚੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਸ ਸਬੰਧੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤਰੰਤ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਹੁਣ ਤੱਕ 16 ਦੇ ਕਰੀਬ ਕੈਂਪ ਲੱਗ ਚੁੱਕੇ ਹਨ ਜਿਸ ਦੌਰਾਨ ਤਕਰੀਬਨ 25 ਹਜਾਰ ਦੇ ਕਰੀਬ ਲੋਕਾਂ ਨੇ ਆਪਣੀਆਂ ਵੋਟਾਂ ਬਣਵਾ ਲਈਆਂ ਹਨ ਉਨ੍ਹਾਂ ਕਿਹਾ ਕਿ ਇਹ ਗਿਣਤੀ ਜ਼ਿਲਾ ਫਰੀਦਕੋਟ ਦੇ ਹਿਸਾਬ ਨਾਲ ਘੱਟ ਹੈ ਅਤੇ ਇਸ ਵਿੱਚ ਹੋਰ ਇਜਾਫਾ ਕਰਨ ਦੀ ਲੋੜ ਹੈ।। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਕੇਸਧਾਰੀ ਸਿੱਖਾਂ ਦੀ ਵੋਟਰ ਰਜਿਸਟ੍ਰੇਸ਼ਨ ਦਾ ਕੰਮ 21 ਅਕਤੂਬਰ 2023 ਤੋਂ ਸ਼ੁਰੂ ਹੋਇਆ ਹੈ ਜੋ ਕਿ 29 ਫਰਵਰੀ 2024 ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਤਹਿਤ ਵੋਟਰ ਰਜਿਸਟ੍ਰੇਸ਼ਨ 29 ਫਰਵਰੀ 2024 ਤੱਕ ਹੋਵੇਗੀ। ਉਨ੍ਹਾਂ ਦੱਸਿਆ ਕਿ 1 ਮਾਰਚ 2024 ਤੋਂ 20 ਮਾਰਚ 2024 ਤੱਕ ਵੋਟਰ ਸੂਚੀਆਂ ਦੀ ਤਿਆਰੀ ਅਤੇ ਪ੍ਰਿਟਿੰਗ ਹੋਵੇਗੀ। ਇਸ ਤੋਂ ਬਾਅਦ 21 ਮਾਰਚ 2024 ਨੂੰ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ ਅਤੇ ਇਸੇ ਹੀ ਦਿਨ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਦਰਾਜ਼ ਲੈਣ ਸਬੰਧੀ ਚੋਣ ਹਲਕੇ ਅਨੁਸਾਰ ਨਿਯੁਕਤ ਅਧਿਕਾਰੀਆਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਦਰਾਜ ਪ੍ਰਾਪਤ ਕਰਨ ਦੀ ਆਖਰੀ ਮਿਤੀ 11 ਅਪ੍ਰੈਲ 2024 ਹੋਵੇਗੀ। ਉਨ੍ਹਾਂ ਦੱਸਿਆ ਕਿ 21 ਅਪ੍ਰੈਲ 2024 ਤੱਕ ਦਾਅਵਿਆਂ ਅਤੇ ਇਦਰਾਜ਼ਾਂ ਦਾ ਸਿੱਖ ਗੁਰਦੁਆਰਾ ਬੋਰਡ ਚੋਣਾਂ, 1959 ਦੇ ਰੂਲ ਨੰਬਰ 10(3) ਅਨੁਸਾਰ ਨਿਪਟਾਰਾ ਕੀਤਾ ਜਾਵੇਗਾ। ਇਸ ਤੋਂ ਬਾਅਦ 2 ਮਈ 2024 ਨੂੰ ਸਪਲੀਮੈਂਟਰੀ ਸੂਚੀਆਂ ਦੀ ਤਿਆਰੀ ਅਤੇ ਪ੍ਰਿਟਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 3 ਮਈ 2024 ਨੂੰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ. ਚੋਣਾਂ ਲਈ ਵੋਟਰ ਰਜਿਸਟਰੇਸ਼ਨ ਲਈ ਵਿਅਕਤੀ ਦਾ ਕੇਸਧਾਰੀ ਸਿੱਖ ਹੋਣਾ ਜ਼ਰੂਰੀ ਹੈ। ਜੋ ਵਿਅਕਤੀ ਆਪਣੀ ਦਾੜੀ ਕਟਵਾਉਂਦਾ ਹੈ ਜਾਂ ਤੰਬਾਕੂ ਜਾਂ ਸ਼ਰਾਬ ਦਾ ਸੇਵਨ ਕਰਦਾ ਹੈ ਵੋਟਰ ਵਜੋਂ ਰਜਿਸਟਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਫਾਰਮ-। ਸਬੰਧਤ ਚੋਣ ਹਲਕੇ ਦੇ ਰਿਵਾਈਜਿੰਗ ਅਫਸਰ ਦੇ ਦਫਤਰ ਵਿਖੇ ਉੱਪਲਬਧ ਹਨ ਤੇ ਜ਼ਿਲ੍ਹੇ ਦੇ 21 ਸਾਲ ਦੇ ਸਮੂਹ ਕੇਸਧਾਰੀ ਸਿੱਖ ਵੋਟਰ ਆਪਣੀ ਵੋਟ ਬਣਾਉਣ ਲਈ ਫਾਰਮ-1 ਭਰਨ ਤੋਂ ਬਾਅਦ ਰਿਵਾਈਜਿੰਗ ਅਫਸਰ, ਸਹਾਇਕ ਰਿਵਾਈਜਿੰਗ ਅਫਸਰ ਦੇ ਦਫਤਰ ਜਾਂ ਆਪਣੇ ਹਲਕੇ ਦੇ ਪਟਵਾਰੀ ਜਾਂ ਤਹਿਸੀਲਦਾਰਾਂ ਪਾਸ ਜਮਾਂ ਕਰਵਾ ਸਕਦੇ ਹਨ। ਵੋਟਰਾਂ ਦੀ ਸਹੂਲਤ ਲਈ ਫਾਰਮ-1 ਜ਼ਿਲ੍ਹੇ ਦੀ ਵੈਬ ਸਾਈਟ www.faridkot.nic.in ਤੇ ਵੀ ਉਪਲਬਧ ਹੈ। ਉਨ੍ਹਾਂ ਜ਼ਿਲ੍ਹੇ ਦੇ ਵੱਧ ਤੋਂ ਵੱਧ ਕੇਸਧਾਰੀ ਸਿੱਖਾਂ ਨੂੰ ਫਾਰਮਾਂ ਰਾਹੀਂ ਆਪਣੀ ਵੋਟ ਬਣਾਉਣ ਅਤੇ ਆਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਹਾਜ਼ਰ ਨੁਮਾਇੰਦਿਆਂ ਨਾਲ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਵਿਚਾਰਾਂ ਵੀ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੇ ਸੁਝਾਅ ਵੀ ਪ੍ਰਾਪਤ ਕੀਤੇ।