- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਈ ਪ੍ਰਦਰਸ਼ਨੀ ਦੌਰਾਨ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਖਰੀਦਦਾਰੀ
ਸੰਗਰੂਰ, 11 ਨਵੰਬਰ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੱਗਰਾ ਸਿੱਖਿਆ ਅਭਿਆਨ ਸਕੀਮ ਅਧੀਨ 37 ਰਿਸੋਰਸ ਸੈਂਟਰਾਂ ਵਿੱਚ ਸਿੱਖਿਆ ਲੈ ਰਹੇ 312 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਦੀਵਾਲੀ ਮੌਕੇ ਦੀਵੇ, ਮੋਮਬੱਤੀਆਂ, ਮਿਠਾਈ ਦੇ ਡੱਬੇ, ਕਾਗਜ਼ ਦੀਆਂ ਲੜੀਆਂ, ਪੱਖੀਆਂ ਆਦਿ ਤਿਆਰ ਕਰਕੇ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਾਮਲ ਹੁੰਦਿਆਂ ਸਮੱਗਰੀ ਤਿਆਰ ਕਰਨ ਵਾਲੇ ਬੱਚਿਆਂ ਅਤੇ ਸਟਾਫ਼ ਦੀ ਸ਼ਲਾਘਾ ਕੀਤੀ । ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ, ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ ਵੀ ਮੌਜੂਦ ਸਨ। ਇਸ ਸਕੀਮ ਅਧੀਨ ਸ.ਸ.ਸ ਮੂਣਕ (ਮੁੰਡੇ) ਵਿੱਚ ਮਿਠਾਈ ਦੇ ਡੱਬੇ ਅਤੇ ਸਿਲਾਈ ਦਾ ਵੋਕੇਸ਼ਨਲ ਪ੍ਰੋਜੈਕਟ ਵੀ ਇਨ੍ਹਾਂ ਬੱਚਿਆਂ ਲਈ ਚਲਾਇਆ ਜਾ ਰਿਹਾ ਹੈ। ਇਨ੍ਹਾਂ ਬੱਚਿਆਂ ਨੂੰ ਸਿੱਖਿਆ ਦੇਣ ਲਈ 15 ਅਧਿਆਪਕਾਂ ਦੀ ਟੀਮ ਜ਼ਿਲ੍ਹਾ ਸੰਗਰੂਰ ਦੇ ਵੱਖ ਵੱਖ ਸਕੂਲਾਂ ਵਿੱਚ ਸਮੱਗਰਾ ਸਿੱਖਿਆ ਅਭਿਆਨ ਅਧੀਨ ਕੰਮ ਕਰ ਰਹੀ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੱਗੀ ਇਸ ਪ੍ਰਦਰਸ਼ਨੀ ਦੌਰਾਨ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਮਾਨ ਦੀ ਖਰੀਦਦਾਰੀ ਕਰਕੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਹੌਸਲਾ ਵਧਾਇਆ। ਇਸ ਪ੍ਰਦਰਸ਼ਨੀ ਵਿੱਚ ਸਮੱਗਰਾ ਸਿੱਖਿਆ ਅਭਿਆਨ ਦੀ ਜ਼ਿਲ੍ਹੇ ਦੀ ਟੀਮ ਗੀਤੀਕਾ ਗਰਗ (ਸਹਾਇਕ ਕੋਆਰਡੀਨੇਟਰ), ਗੁਰਮੀਤ ਕੌਰ (ਜ਼ਿਲ੍ਹਾ ਸਪੈਸ਼ਲ ਐਜੂਕੇਟਰ), ਰਾਜਪ੍ਰੀਤ ਕੌਰ (ਆਫਿਸ ਅਸਿਸਟੈਂਟ), ਸਪੈਸ਼ਲ ਅਧਿਆਪਕ ਚਰਨਜੀਤ ਸਿੰਘ, ਦੀਪੀਕਾ, ਹਰਦਿਆਲ ਕੌਰ, ਰੇਨੂੰ, ਮਨਪ੍ਰੀਤ ਕੌਰ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ।