ਫਾਜਿ਼ਲਕਾ, 25 ਦਸੰਬਰ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਛੁੱਟੀ ਵਾਲੇ ਦਿਨ ਵੀ ਅਚਾਨਕ ਮਹਾਤਮਾਂ ਗਾਂਧੀ ਪੇਂਡੂ ਰੁਜਗਾਰ ਗਾਰੰਟੀ ਸਕੀਮ ਤਹਿਤ ਹੋ ਰਹੇ ਵਿਕਾਸ ਕਾਰਜਾਂ ਦਾ ਅਚਾਨਕ ਨੀਰਿਖਣ ਕੀਤਾ ਗਿਆ। ਉਨ੍ਹਾਂ ਨੇ ਅਬੋਹਰ ਬਲਾਕ ਅਧੀਨ ਪਂੈਦੇ ਪਿੰਡ ਚੰਨਣ ਖੇੜਾ ਦਾ ਅਚਾਨਕ ਦੌਰਾ ਕੀਤਾ ਅਤੇ ਇੱਥੇ ਮਗਨਰੇਗਾ ਸਕੀਮ ਤਹਿਤ ਹੋਏ ਕੰਮਾਂ ਦੀ ਪੜਤਾਲ ਕੀਤੀ। ਡਿਪਟੀ ਕਮਿਸ਼ਨਰ ਨੇ ਇੱਥੇ ਮਗਨਰੇਗਾ ਸਕੀਮ ਤਹਿਤ ਬਣੇ ਖੇਡ ਮੈਦਾਨ ਅਤੇ ਸਿੰਚਾਈ ਵਾਲੇ ਖਾਲਿਆਂ ਦਾ ਮੌਕਾ ਵੇਖਿਆ। ਉਨ੍ਹਾਂ ਨੇ ਇਸ ਮੌਕੇ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਗਨਰੇਗਾ ਸਕੀਮ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਰੁਜਗਾਰ ਮੁਹਈਆ ਕਰਵਾਇਆ ਜਾਵੇ ਅਤੇ ਨਾਲ ਹੀ ਵਿਕਾਸ ਕਾਰਜ ਕਰਵਾਏ ਜਾਣ। ਉਨ੍ਹਾਂ ਨੇ ਕਿਹਾ ਕਿ ਵਿਕਾਸ ਕਾਰਜ ਦੇ ਜੋ ਪ੍ਰੋਜੈਕਟ ਉਲੀਕੇ ਜਾਣ ਉਨ੍ਹਾਂ ਨੂੰ ਤੈਅ ਸਮਾਂ ਹੱਦ ਅੰਦਰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਗੁਣਵਤਾ ਨਾਲ ਸਮਝੌਤਾ ਕੀਤਾ ਤਾਂ ਸ਼ਖਤ ਕਾਰਵਾਈ ਕੀਤੀ ਜਾਵੇਗੀ ਅਤੇ ਕੁਤਾਹੀ ਕਰਨ ਵਾਲੇ ਬਖ਼ਸੇ ਨਹੀਂ ਜਾਣਗੇ। ਉਨ੍ਹਾਂ ਨੇ ਕਿਹਾ ਕਿ ਮਗਨਰੇਗਾ ਅਤੇ ਪੇਂਡੂ ਵਿਕਾਸ ਦੀਆਂ ਹੋਰ ਸਕੀਮਾਂ ਦਾ ਰਲੇਵਾਂ ਕਰਕੇ ਵੱਧ ਤੋਂ ਵੱਧ ਕੰਮ ਕਰਵਾਏ ਜਾਣ ਤਾਂ ਜੋ ਪਿੰਡਾਂ ਵਿਚ ਜਿਆਦਾ ਤੋਂ ਜਿਆਦਾ ਵਿਕਾਸ ਕਾਰਜ ਹੋ ਸਕਨ ਅਤੇ ਪਿੰਡਾਂ ਦੇ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਰੁਜਗਾਰ ਦਿੱਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਪਿੰਡਾਂ ਵਿਚ ਮਗਨਰੇਗਾ ਤਹਿਤ ਖੇਡ ਮੈਦਾਨ, ਸਾਂਝੇ ਜਲ ਤਲਾਬ ਅਤੇ ਹੋਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਖੁਦ ਵੀ ਫੀਲਡ ਵਿਚ ਜਾ ਕੇ ਕੰਮਾਂ ਦੀ ਪੜਤਾਲ ਕਰਦੇ ਰਹਿਣ ਤਾਂ ਜੋ ਗੁਣਵਤਾ ਵਿਚ ਕੋਈ ਕਮੀ ਨਾ ਰਹੇ।