- ਹੁਣ ਨਾਮਜ਼ਦਗੀਆਂ ਭੇਜਣ ਦੀ ਆਖਰੀ ਮਿਤੀ 28 ਫ਼ਰਵਰੀ ਹੋਈ
ਫ਼ਰੀਦਕੋਟ 22 ਜਨਵਰੀ : ਪੰਜਾਬ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ ਪੰਜਾਬ ਰਾਜ ਸਾਲਾਨਾ ਵਾਤਾਵਰਨ ਐਵਾਰਡ ਲਈ ਹੁਣ ਨਾਮਜ਼ਦਗੀਆਂ ਭੇਜਣ ਦੀ ਆਖਰੀ ਮਿਤੀ 28 ਫ਼ਰਵਰੀ ਹੋ ਗਈ ਹੈ। ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਨ ਅਤੇ ਮੌਸਮ ਬਦਲਾਅ ਡਾਇਰੈਕਟੋਰੇਟ ਪੰਜਾਬ ਸਰਕਾਰ ਵਲੋਂ ਡਿਪਟੀ ਕਮਿਸ਼ਨਰ ਨੂੰ ਪ੍ਰਾਪਤ ਲਿਖਤੀ ਹਦਾਇਤਾਂ ਅਨੁਸਾਰ ਸਾਲ 2024 ਦੌਰਾਨ ਦਿੱਤੇ ਜਾਣ ਵਾਲੇ ਇਨ੍ਹਾਂ ਐਵਾਰਡਾਂ ਲਈ ਨਾਮਜ਼ਦਗੀਆਂ ਨਿਰਧਾਰਿਤ ਪ੍ਰੋਫਾਰਮੇ ਅਤੇ ਦਸਤਾਵੇਜਾਂ ਸਹਿਤ ਮਿਤੀ 31 ਦਸੰਬਰ 2023 ਤੱਕ ਭੇਜਣ ਲਈ ਲਿਖਿਆ ਗਿਆ ਸੀ ਪਰੰਤੂ ਇਹ ਨਾਮਜ਼ਦਗੀਆਂ ਕੁਝ ਜ਼ਿਲ੍ਹਿਆਂ ਤੋਂ ਹੀ ਪ੍ਰਾਪਤ ਹੋ ਸਕੀਆਂ। ਇਸ ਸਬੰਧੀ ਚਿੱਠੀ ਵਿੱਚ ਦਰਜ ਵੇਰਵਿਆਂ ਅਨੁਸਾਰ ਇਹ ਨਾਮਜ਼ਦਗੀਆਂ ਪਿੰਡ ਦੀ ਪੰਚਾਇਤ, ਸਰਕਾਰੀ/ਪ੍ਰਾਈਵੇਟ ਅਦਾਰੇ, ਵਿੱਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ, ਕਾਲਜ, ਯੂਨੀਵਰਸਿਟੀ, ਗੈਰ ਸਰਕਾਰ ਸੰਸਥਾ(ਐਨ.ਜੀ.ਓ)/ਸਮਾਜਿਕ ਸੰਸਥਾ ਅਤੇ ਉਦਯੋਗਿਕ ਅਦਾਰਿਆਂ ਤੋਂ ਮੰਗੀਆਂ ਗਈਆਂ ਸਨ। ਇਨ੍ਹਾਂ ਨਾਮਜ਼ਦਗੀਆਂ ਵਿੱਚੋਂ ਚੁਣਵੀਆਂ ਅਰਜ਼ੀਆਂ ਦੀ ਸ਼ਨਾਖਤ ਕਰਕੇ ਦਫ਼ਤਰ ਡਿਪਟੀ ਕਮਿਸ਼ਨਰ ਵਲੋਂ ਲਿਸਟ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਨ ਅਤੇ ਮੌਸਮ ਬਦਲਾਅ ਡਾਇਰੈਕਟੋਰੇਟ ਪੰਜਾਬ ਸਰਕਾਰ ਦੇ ਚੰਡੀਗੜ੍ਹ ਦਫ਼ਤਰ ਵਿਖੇ 28 ਫ਼ਰਵਰੀ ਤੱਕ ਨਿਰਧਾਰਿਤ ਪ੍ਰੋਫਾਰਮੇ ਵਿੱਚ ਭੇਜੀਆਂ ਜਾ ਸਕਦੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਯਾਦ ਵਿੱਚ ਹਰ ਸਾਲ ਇਹ ਐਵਾਰਡ ਵਿਸ਼ਵ ਵਾਤਾਵਰਨ ਦਿਵਸ 5 ਜੂਨ ਨੂੰ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਵਾਤਾਵਰਨ,ਮਿੱਟੀ ਸੰਭਾਲ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੋਵੇ। ਇਨ੍ਹਾਂ ਉਪਰਾਲਿਆਂ ਵਿੱਚ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਜਿਹੇ ਕੰਮ ਸ਼ਾਮਿਲ ਹੁੰਦੇ ਹਨ। ਇਸ ਐਵਾਰਡ ਤਹਿਤ ਦਿੱਤੇ ਜਾਣ ਵਾਲੇ ਇਨਾਮ ਸਬੰਧੀ ਵੇਰਵਿਆਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਵਿੱਚ 1 ਲੱਖ ਰੁਪਏ ਨਕਦ ਇਨਾਮ ਤੋਂ ਇਲਾਵਾ ਪ੍ਰਸੰਸਾ ਪੱਤਰ ਦੇਣ ਦੀ ਤਜਵੀਜ ਹੁੰਦੀ ਹੈ।