- ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਪਿੰਡ ਅਤਲਾ ਕਲਾਂ ਦੇ ਖੇਤਾਂ ਵਿਚ ਲੱਗੀ ਪਰਾਲੀ ਦੀ ਅੱਗ ਨੂੰ ਬੁਝਾਇਆ
- ਪਿੰਡ ਬੋੜਾਵਾਲ ਦੇ ਕਿਸਾਨ ਜੋਗਿੰਦਰ ਸਿੰਘ ਨੇ ਤੂੜੀ ਅਤੇ ਪਸ਼ੂਆਂ ਦੇ ਬੈਠਣ ਲਈ ਕੀਤਾ ਪਰਾਲੀ ਦਾ ਉਪਯੋਗ
- ਪਿੰਡ ਮੱਤੀ ਦੇ ਕਿਸਾਨ ਗੁਰਦੀਪ ਸਿੰਘ ਨੇ 16 ਏਕੜ ਅਤੇ ਨੰਗਲ ਕਲਾਂ ਦੇ ਗੁਰਸੇਵਕ ਸਿੰਘ ਨੇ 15 ਏਕੜ ਰਕਬੇ ’ਚ ਬਣਵਾਈਆਂ ਪਰਾਲੀ ਦੀਆਂ ਗੱਠਾਂ
- ਵਧੀਕ ਡਿਪਟੀ ਕਮਿਸ਼ਨਰ ਨੇ ਪਿੰਡ ਮੂਸਾ, ਸੱਦਾ ਸਿੰਘ ਵਾਲਾ, ਨਰਿੰਦਰਪੁਰਾ, ਬੁਰਜ ਹਰੀ, ਬੁਰਜ ਢਿੱਲਵਾਂ, ਭਾਈ ਦੇਸਾ, ਉੱਭਾ, ਜਵਾਹਰਕੇ, ਖਾਰਾ, ਬਰਨਾਲਾ, ਕੋਟ ਧਰਮੁ, ਰਮਦਿੱਤੇਵਾਲਾ, ਬਹਿਣੀਵਾਲ ਦਾ ਕੀਤਾ ਦੌਰਾ
ਮਾਨਸਾ, 15 ਨਵੰਬਰ : ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦਾ ਯੋਗ ਨਿਪਟਾਰਾ ਕਰਨ ਲਈ ਵਿੱਢੀ ਜਾਗਰੂਕਤਾ ਮੁਹਿੰਮ ਤਹਿਤ ਪਿੰਡ ਅਤਲਾ ਕਲਾਂ ਅਤੇ ਮੂਸਾ ਵਿਖੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਨੇ ਖੇਤਾਂ ਵਿਚ ਪਰਾਲੀ ਨੂੰ ਲੱਗੀ ਅੱਗ ਨੂੰ ਬੁਝਾਇਆ। ਉਨ੍ਹਾਂ ਪਿੰਡ ਮੂਸਾ, ਸੱਦਾ ਸਿੰਘ ਵਾਲਾ, ਨਰਿੰਦਰਪੁਰਾ, ਬੁਰਜ ਹਰੀ, ਬੁਰਜ ਢਿੱਲਵਾਂ, ਭਾਈ ਦੇਸਾ, ਉੱਭਾ, ਜਵਾਹਰਕੇ, ਖਾਰਾ, ਬਰਨਾਲਾ, ਕੋਟ ਧਰਮੁ, ਰਮਦਿੱਤੇਵਾਲਾ, ਬਹਿਣੀਵਾਲ ਵਿਖੇ ਕਿਸਾਨ ਮਿਲਣੀਆਂ ਕਰਕੇ ਪਰਾਲੀ ਨਾ ਸਾੜਨ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ। ਪਰਾਲੀ ਨੂੰ ਅੱਗ ਨਾ ਲਾ ਕੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਜ਼ਿਲ੍ਹੇ ਅੰਦਰ ਤੈਨਾਤ ਵਿਭਾਗੀ ਅਧਿਕਾਰੀਆਂ ਵੱਲੋਂ ਪਿੰਡ ਖੋਖਰ ਕਲਾਂ ਵਿਖੇ ਖੇਤ ਵਿਚ ਪਰਾਲੀ ਨੂੰ ਲਗਾਈ ਜਾ ਰਹੀ ਅੱਗ ਨੂੰ ਮੌਕੇ ’ਤੇ ਜਾ ਕੇ ਬੁਝਾਇਆ ਗਿਆ। ਇਸੇ ਤਰ੍ਹਾਂ ਪਿੰਡ ਬੀਰ ਖੁਰਦ ਵਿਖੇ ਪਰਾਲੀ ਨੂੰ ਲੱਗੀ ਅੱਗ ਨੂੰ ਬੁਝਾ ਕੇ ਕਿਸਾਨ ਨੂੰ ਪਰਾਲੀ ਦਾ ਯੋਗ ਨਿਪਰਾਟਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਅਧਿਕਾਰੀਆਂ ਵੱਲੋਂ ਪਰਾਲੀ ਪ੍ਰਬੰਧਨ ਸੰਬੰਧੀ ਪਿੰਡ ਮੱਤੀ, ਨੰਗਲ ਖੁਰਦ ਅਤੇ ਜੀਤਗੜ੍ਹ ਵਿਖੇ ਖੇਤਾਂ ਦਾ ਦੌਰਾ ਕਰਦਿਆਂ ਕਿਸਾਨਾਂ ਅਤੇ ਪੰਚਾਇਤ ਨੂੰ ਬਿਨ੍ਹਾ ਅੱਗ ਲਗਾਏ ਬਿਜਾਈ ਕਰਨ ਲਈ ਜਾਗਰੂਕ ਕੀਤਾ ਗਿਆ ਅਤੇ ਇਸ ਦੌਰਾਨ ਜਿੱਥੇ ਕਿਤੇ ਖੇਤਾਂ ਵਿਚ ਲੱਗੀ ਅੱਗ ਦਾ ਮਾਮਲਾ ਸਾਹਮਣੇ ਆਇਆ ਉਸ ਨੂੰ ਬੁਝਾਇਆ ਗਿਆ। ਸਿਵਲ ਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲਗਾਤਾਰ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਪਰਾਲੀ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪਿੰਡਾਂ ਦੇ ਅਗਾਂਹਵਧੂ ਕਿਸਾਨ ਖੇਤੀ ਮਸ਼ੀਨਰੀ ਦੀ ਵਰਤੋਂ ਤੋਂ ਇਲਾਵਾ ਹੱਥੀਂ ਵੀ ਪਰਾਲੀ ਦਾ ਯੋਗ ਪ੍ਰਬੰਧਨ ਕਰਨ ਵਿਚ ਜੁਟੇ ਹੋਏ ਹਨ। ਪਿੰਡ ਬੋੜਾਵਾਲ ਦਾ ਕਿਸਾਨ ਜੋਗਿੰਦਰ ਸਿੰਘ ਪਸ਼ੂਆਂ ਦੀ ਤੂੜੀ ਦੇ ਨਾਲ-ਨਾਲ ਸਰਦੀਆਂ ਦੇ ਮੌਸਮ ਵਿੱਚ ਪਸ਼ੂਆਂ ਦੇ ਬੈਠਣ ਲਈ ਪਰਾਲੀ ਦੀ ਵਰਤੋਂ ਕਰ ਰਿਹਾ ਹੈ। ਇਸੇ ਤਰ੍ਹਾਂ ਪਿੰਡ ਮੱਤੀ ਦੇ ਕਿਸਾਨ ਗੁਰਦੀਪ ਸਿੰਘ ਨੇ 16 ਏਕੜ ਵਿਚ ਪਰਾਲੀ ਦੀਆਂ ਗੱਠਾਂ ਬਣਵਾ ਕੇ ਪਰਾਲੀ ਪ੍ਰਬੰਧਨ ਕੀਤਾ ਅਤੇ ਪਿੰਡ ਬੱਪੀਆਣਾ ਦੇ ਕਿਸਾਨ ਜਗਜੀਵਨ ਸਿੰਘ ਨੇ ਕਸਟਮ ਹਾਇਰਿੰਗ ਸਕੀਮ ਅਧੀਨ ਬਿਨ੍ਹਾਂ ਪਰਾਲੀ ਨੂੰ ਅੱਗ ਲਗਾਏ 2 ਏਕੜ ਕਣਕ ਦੀ ਬਿਜਾਈ ਕੀਤੀ ਹੈ। ਪਿੰਡ ਰਿਓਂਦ ਕਲਾਂ ਦੇ ਕਿਸਾਨ ਵੱਲੋਂ ਸੁਪਰ ਸੀਡਰ ਦੀ ਵਰਤੋਂ ਕਰਕੇ ਬਿਨ੍ਹਾਂ ਪਰਾਲੀ ਨੂੰ ਅੱਗ ਲਗਾਇਆਂ ਕਣਕ ਦੀ ਬਿਜਾਈ ਕੀਤੀ ਗਈ ਅਤੇ ਪਿੰਡ ਨੰਗਲ ਕਲਾਂ ਦੇ ਕਿਸਾਨ ਗੁਰਸੇਵਕ ਸਿੰਘ ਨੇ ਆਪਣੇ ਖੇਤ ਦੇ 15 ਏਕੜ ਰਕਬੇ ਵਿਚ ਪਰਾਲੀ ਦੀਆਂ ਗੱਠਾ ਬਣਾਈਆਂ ਹਨ।