- ਮੁਹੱਲਾ ਵਾਸੀਆਂ ਦੀਆਂ ਸ਼ਿਕਾਇਤਾਂ ਸੁਣਨ ਮੌਕੇ ਦੱਸੀਆਂ ਸਰਕਾਰ ਦੀਆਂ ਸਕੀਮਾਂ
ਕੋਟਕਪੂਰਾ, 14 ਜਨਵਰੀ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਰਣਨੀਤੀ ਨਾਲ ਪੰਜਾਬ ਦਾ ਖੁਸ਼ਹਾਲ ਬਣਨਾ ਲਗਭਗ ਤਹਿ ਹੈ। ਸਥਾਨਕ ਵਾਰਡ ਨੰਬਰ 16 ਦੇ ਕੌਂਸਲਰ ਅਰੁਣ ਚਾਵਲਾ ਦੇ ਗ੍ਰਹਿ ਵਿਖੇ ਮੁਹੱਲਾ ਵਾਸੀਆਂ ਨਾਲ ਗੱਲਬਾਤ ਕਰਦਿਆਂ ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਨ ਮੌਕੇ ਪਹਿਲਾਂ ਤਾਂ ਮੁਹੱਲਾ ਵਾਸੀਆਂ ਦਾ ਸੁਤੰਤਰਤਾ ਸੰਗਰਾਮੀ ਮਹਾਸ਼ਾ ਕੇਹਰ ਸਿੰਘ ਦੇ ਹੋਣਹਾਰ ਪੋਤਰੇ ਅਰੁਣ ਚਾਵਲਾ ਦੀ ਨਗਰ ਕੌਂਸਲ ਦੀਆਂ ਚੋਣਾ ਵਿੱਚ ਸ਼ਾਨਦਾਰ ਜਿੱਤ ਯਕੀਨੀ ਬਣਾਉਣ ਬਦਲੇ ਉਹਨਾਂ ਦਾ ਧੰਨਵਾਦ ਕੀਤਾ ਤੇ ਫਿਰ ਆਖਿਆ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਕਿ ਕਿਸੇ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਮੁਫਤ ਅਤੇ ਨਿਰੰਤਰ ਬਿਜਲੀ ਸਪਲਾਈ ਕਰਨ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ, ਜਦੋਂ ਭਗਵੰਤ ਸਿੰਘ ਮਾਨ ਦੀ ਸੋਚ ਮੁਤਾਬਿਕ ਪੰਜਾਬ ਵਿੱਚ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ ਕੀਤਾ ਗਿਆ ਤਾਂ 90 ਫੀਸਦੀ ਪਰਿਵਾਰ ਬਿਜਲੀ ਦੇ ਬਿੱਲ ਵਾਲੇ ਪਾਸੋਂ ਚਿੰਤਾ ਮੁਕਤ ਹੋ ਗਏ। ਸਪੀਕਰ ਸੰਧਵਾਂ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਮਹਿਜ ਡੇਢ ਸਾਲ ਦੇ ਅੰਦਰ ਅੰਦਰ 40 ਹਜਾਰ ਬੇਰੁਜਗਾਰ ਨੌਜਵਾਨਾ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ, ਕਿਸੇ ਨੂੰ ਸਿਫਾਰਸ਼ ਪਵਾਉਣ ਜਾਂ ਰਿਸ਼ਵਤ ਦੇਣ ਦੀ ਨੌਬਤ ਤੱਕ ਨਹੀਂ ਆਈ। ਸਪੀਕਰ ਸੰਧਵਾਂ ਨੇ ਮੁਹੱਲਾ ਵਾਸੀਆਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਆਖਿਆ ਕਿ ਜੇਕਰ ਸਿਹਤ ਅਤੇ ਸਿੱਖਿਆ ਸਹੂਲਤਾਂ ਸਮੇਤ ਭਗਵੰਤ ਸਿੰਘ ਮਾਨ ਦੀ ‘ਸਰਕਾਰ ਤੁਹਾਡੇ ਦੁਆਰ’ ਵਰਗੀਆਂ ਸਕੀਮਾ ਦਾ ਜਿਕਰ ਕਰਨਾ ਹੋਵੇ ਤਾਂ ਬਹੁਤ ਵੱਡਾ ਕਿਤਾਬਚਾ ਤਿਆਰ ਕੀਤਾ ਜਾ ਸਕਦਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਤੰਤਰ ਜੋਸ਼ੀ, ਡਾ. ਦੇਵ ਰਾਜ, ਅਮਨ ਚਾਵਲਾ, ਡਾ. ਕੇ.ਕੇ. ਕਟਾਰੀਆ, ਮਨਪ੍ਰੀਤ ਸਿੰਘ ਮਨੀ ਧਾਲੀਵਾਲ ਸਮੇਤ ਸਮੂਹ ਮੁਹੱਲਾ ਨਿਵਾਸੀ ਵੀ ਹਾਜਰ ਸਨ।