ਮੁੱਲਾਂਪੁਰ ਦਾਖਾ 30 ਮਈ (ਸਤਵਿੰਦਰ ਸਿੰਘ ਗਿੱਲ) : ਪਿੰਡ ਬੋਪਾਰਾਏ ਦੀ ਸਥਿਤ ਵੇਰਕਾ ਡੇਅਰੀ ਵਿੱਚ ਦੁੱਧ ਦੇ ਤੋਲ ਦੀ ਖ੍ਰੀਦ ਵਿੱਚ ਹੋਈ ਹੇਰ-ਫੇਰ ਨੂੰ ਲੈ ਕੇ ਪਿੰਡ ਦੇ ਹੀ ਦੋ ਨੌਜਵਾਨ ਸਿਖਰ ਦੁਪਹਿਰੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ, ਜਿਸ ਨਾਲ ਪੁਲਿਸ ਪ੍ਰਸ਼ਾਸਨ ਨੂੰ ਹੱਥਾ ਪੈਰਾਂ ਦੀ ਪੈ ਗਈ। ਇਸ ਤੋਂ ਪਹਿਲਾ ਇਨ੍ਹਾਂ ਦੋਵਾਂ ਦੁੱਧ ਉਤਪਾਦਕਾ ਨੇ ਡੇਅਰੀ ਨੂੰ ਜਿੰਦਰਾ ਜੜ੍ਹ ਦਿੱਤਾ ਸੀ, ਪਿੰਡ ਦੇ ਸਰਪੰਚ ਲਖਵੀਰ ਸਿੰਘ ਦੇ ਦੱਸਣ ਅਨੁਸਾਰ ਪਿਛਲੇ ਇੱਕ ਹਫਤੇ ਤੋਂ ਇਹ ਦੋਵੇਂ ਨੌਜਵਾਨ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਡੇਅਰੀ ਦੇ ਅੰਦਰ ਹੀ ਸ਼ਾਂਤਮਈ ਧਰਨੇ ’ਤੇ ਬੈਠੇ ਸਨ, ਪਰ ਉਨ੍ਹਾਂ ਦੋਸ਼ ਲਾਇਆ ਕਿ ਦੁੱਧ ਉਤਪਾਦਕ ਸਹਿਕਾਰੀ ਸਭਾ ਅਹੁਦੇਦਾਰਾਂ ਅਤੇ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਨੇ ਸੁਧਾਰ ਪੁਲੀਸ ਨਾਲ ਮਿਲੀਭੁਗਤ ਕਰ ਕੇ ਉਨ੍ਹਾਂ ਦਾ ਧਰਨਾ ਜਬਰੀ ਚੁਕਵਾ ਦਿੱਤਾ ਸੀ। ਹੱਥਾਂ ਵਿੱਚ ਤੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ਦੀ ਉੱਪਰਲੀ ਮੰਜ਼ਿਲ ਤੋਂ ਸੰਬੋਧਨ ਕਰਦਿਆਂ ਦੁੱਧ ਉਤਪਾਦਕ ਜਰਨੈਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਅਤੇ ਹਰਮਨ ਸਿੰਘ ਪੁੱਤਰ ਮਨਪ੍ਰੀਤ ਸਿੰਘ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੇ ਹਿਸਾਬ ਵਿੱਚ ਕੀਤੇ ਹੇਰ-ਫੇਰ ਨੂੰ ਕਿਸੇ ਤਣ-ਪੱਤਣ ਨਹੀਂ ਲਾਇਆ ਜਾਂਦਾ, ਉਹ ਹੇਠਾਂ ਨਹੀਂ ਉੱਤਰਨਗੇ ਅਤੇ ਉਨ੍ਹਾਂ ਜਾਨ ਦੇਣ ਦੀ ਧਮਕੀ ਵੀ ਦਿੱਤੀ ਹੈ। ਥਾਣਾ ਸੁਧਾਰ ਦੇ ਮੁਖੀ ਇੰਸਪੈਕਟਰ ਜਰਨੈਲ ਸਿੰਘ ਕਿਸੇ ਅਣਸੁਖਾਵੀਂ ਘਟਨਾਂ ਨੂੰ ਲੈ ਕੇ ਉਕਤ ਦੋਵਾਂ ਨੌਜਵਾਨਾਂ ਭਰੋਸਾ ਦੇਣ ਉਪਰੰਤ ਥੱਲੇ ਉਤਾਰ ਲਿਆ ਸੀ, ਕੋਆਪ੍ਰੇਟਿਵ ਸੁਸਾਇਟੀ ਦੇ ਇੰਸਪੈਕਟਰ ਜਗਰਾਜ ਸਿੰਘ ਦਾ ਕਹਿਣਾ ਹੈ ਕਿ ਹਿਸਾਬ ਕਿਤਾਬ ਦਾ ਮਿਲਾਣ ਕਰਨ ਬਾਅਦ ਮਸਲੇ ਦਾ ਹੱਲ ਕਰ ਲਿਆ ਜਾਵੇਗਾ। ਵੇਰਕਾ ਦੇ ਦੁੱਧ ਉਤਪਾਦਕ ਏਜੰਟ ਹਰਦੀਪ ਸਿੰਘ ਵੀ ਮੌਕੇ ’ਤੇ ਮੌਜੂਦ ਸਨ। ਅੰਦੋਲਨਕਾਰੀ ਕਿਸਾਨਾਂ ਨੇ ਸਹਿਕਾਰੀ ਸਭਾ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਅਤੇ ਵੇਰਕਾ ਦੇ ਅਧਿਕਾਰੀਆਂ ’ਤੇ ਦੋਸ਼ ਲਾਇਆ ਕਿ ਦੁੱਧ ਦੀ ਖ਼ਰੀਦ ਕਿੱਲੋਗਰਾਮ ਅਤੇ ਅਦਾਇਗੀ ਪ੍ਰਤੀ ਲਿਟਰ ਦੇ ਹਿਸਾਬ ਕੀਤੀ ਜਾਂਦੀ ਹੈ। ਇਸ ਤਰ੍ਹਾਂ ਪ੍ਰਤੀ ਲਿਟਰ ਪੈਣ ਵਾਲੇ ਘਾਟੇ ਕਾਰਨ ਮੋਟੇ ਰੂਪ ਵਿੱਚ ਜਰਨੈਲ ਸਿੰਘ 2 ਲੱਖ 64 ਹਜ਼ਾਰ ਰੁਪਏ ਅਤੇ ਹਰਮਨ ਸਿੰਘ ਨੂੰ 4 ਲੱਖ 15 ਹਜ਼ਾਰ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਛੋਟੇ ਅਤੇ ਦਰਮਿਆਨ ਦੁੱਧ ਉਤਪਾਦਕਾਂ ਨੂੰ ਵੀ ਘਾਟਾ ਪੈਂਦਾ ਹੈ, ਉਨ੍ਹਾਂ ਦੋਸ਼ ਲਾਇਆ ਕਿ ਸਭਾ ਦੇ ਅਹੁਦੇਦਾਰ ਅਧਿਕਾਰੀਆਂ ਨਾਲ ਮਿਲ ਕੇ ਹਰ ਸਾਲ ਲੱਖਾਂ ਰੁਪਏ ਡਕਾਰ ਜਾਂਦੇ ਹਨ। ਮੀਤ ਪ੍ਰਧਾਨ ਗੁਰਦੀਪ ਸਿੰਘ ਅਤੇ ਸਰਪੰਚ ਲਖਵੀਰ ਸਿੰਘ ਅੰਦੋਲਨਕਾਰੀ ਕਿ ਕਿਸਾਨਾਂ ਨੂੰ ਟੈਂਕੀ ਤੋਂ ਤਾਂ ਉਤਾਰਨ ਵਿੱਚ ਤਾਂ ਸਫਲ ਰਹੇ, ਥਾਣਾ ਮੁਖੀ ਜਰਨੈਲ ਸਿੰਘ ਅਨੁਸਾਰ ਸ਼ਾਤੀਪੂਰਣਕ ਹੱਲ ਦੀ ਉਮੀਦ ਪ੍ਰਗਟਾਈ ਹੈ।