- ਵਿਧਾਇਕ ਕੁਲਵੰਤ ਪੰਡੋਰੀ, ਲਾਭ ਸਿੰਘ ਉਗੋਕੇ ਨੇ ਕੀਤੀ ਕੈਂਪਾਂ ‘ਚ ਸ਼ਿਰਕਤ
- ਵਿਸ਼ੇਸ਼ ਜਾਗਰੂਕਤਾ ਵੈਨਾਂ ਰਾਹੀਂ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਕੀਤਾ ਗਿਆ ਜਾਗਰੂਕ
- ਲੋਕਾਂ ਨੂੰ ਕੈਂਪਾਂ ‘ਚ ਪੈਨਸ਼ਨ, ਜਾਤੀ, ਰਿਹਾਇਸ਼ੀ ਸਰਟੀਫਿਕੇਟ, ਨੀਲੇ ਕਾਰਡ, ਆਯੂਸ਼ਮਾਨ ਕਾਰਡ ਆਦਿ ਦੀਆਂ ਸੇਵਾਵਾਂ ਮੌਕੇ ਉੱਤੇ ਦਿੱਤੀਆਂ ਜਾ ਰਹੀਆਂ ਹਨ
ਬਰਨਾਲਾ, 8 ਫਰਵਰੀ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਏ ਜਾ ਰਹੇ ਆਪ ਦੀ ਸਰਕਾਰ, ਆਪ ਦੇ ਦਵਾਰ ਪ੍ਰੋਗਰਾਮ ਤਹਿਤ ਅੱਜ ਜ਼ਿਲ੍ਹੇ ਭਰ ਵਿਚ ਵੱਖ - ਵੱਖ ਥਾਵਾਂ ਉੱਤੇ ਕੈਂਪ ਲਗਾਏ ਗਏ। ਮੰਤਰੀ ਸ. ਗੁਰਮੀਤ ਸਿੰਘ ਮੀਤ ਦੀ ਅਗਵਾਈ ਹੇਠ ਬਰਨਾਲਾ ਸਬ ਡਵੀਜ਼ਨ ‘ਚ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਲੋਕਾਂ ਨੂੰ ਸਕੀਮਾਂ ਦਾ ਲਾਹਾ ਉਨ੍ਹਾਂ ਦੇ ਘਰ ਨੇੜੇ ਦਿੱਤਾ ਜਾ ਰਿਹਾ ਹੈ। ਸੇਖਾ ਰੋਡ ਵਿਖੇ 58 ਸਾਲ ਦੀ ਸੁਪਨਾ ਦੇਵੀ ਅੱਜ ਸੇਖਾ ਵਿਖੇ ਲੱਗੇ ਕੈਂਪ ‘ਚ ਆਪਣੀ ਬੁਢਾਪਾ ਪੈਨਸ਼ਨ ਲਗਵਉਣ ਗਈ ਸੀ। ਸਬੰਧਿਤ ਵਿਭਾਗ ਵੱਲੋਂ ਉਸ ਦੀ ਪੈਨਸ਼ਨ ਮੌਕੇ ਉੱਤੇ ਹੀ ਲਗਾ ਦਿੱਤੀ ਹੈ। ਉਸ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਪਹਿਲ ਸਦਕਾ ਉਸ ਨੂੰ ਪੈਨਸ਼ਨ ਬਿਨਾਂ ਕਿਸੇ ਦਫ਼ਤਰ ਦੇ ਗੇੜੇ ਮਾਰੇ ਮਿਲ ਗਈ। ਉੱਪ ਮੰਡਲ ਮੈਜਿਸਟਰੇਟ ਬਰਨਾਲਾ ਸ਼੍ਰੀ ਵਰਿੰਦਰ ਸਿੰਘ ਨੇ ਦੱਸਿਆ ਕਿ ਵਿਭਾਗਾਂ ਵੱਲੋਂ ਸੁਵਿਧਾਵਾਂ ਮੌਕੇ ਉੱਤੇ ਹੀ ਦਿੱਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਅਤੇ ਵਿਧਾਇਕ ਮਹਿਲ ਕਲਾਂ ਸ. ਕੁਲਵੰਤ ਸਿੰਘ ਪੰਡੋਰੀ ਨੇ ਪਿੰਡ ਲੋਹਗੜ੍ਹ ਵਿਖੇ ਲਗਾਏ ਗਏ ਕੈਂਪ ‘ਚ ਸ਼ਿਰਕਤ ਕੀਤੀ। ਵੱਖ ਵੱਖ ਸੇਵਾਵਾਂ ਦਾ ਲਾਹਾ ਲੈਣ ਆਏ ਲੋਕਾਂ ਨਾਲ ਗੱਲ ਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਲਾਹਾ ਵੱਧ ਤੋਂ ਵੱਧ ਲੈਣਾ ਚਾਹੀਦਾ ਹੈ। ਉਨ੍ਹਾਂ ਉੱਪ ਮੰਡਲ ਮੈਜਿਸਟਰੇਟ ਮਹਿਲ ਕਲਾਂ ਸ. ਸਤਵੰਤ ਸਿੰਘ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਸੇਵਾਵਾਂ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਚੰਗਾ ਕੰਮ ਕੀਤਾ ਜਾ ਰਿਹਾ ਹੈ। ਵਿਧਾਇਕ ਤਪਾ ਸ. ਲਾਭ ਸਿੰਘ ਉਗੋਕੇ ਨੇ ਵੀ ਤਪਾ ਸਬ ਡਵੀਜ਼ਨ ‘ਚ ਲੱਗੇ ਕੈਂਪਾਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਗੱਲ ਬਾਤ ਕੀਤੀ। ਖੱਟੜ ਪੱਤੀ ਨੇੜੇ ਪੀਰਖਾਨਾ ਵਿਖੇ ਲੱਗੇ ਕੈਂਪ 'ਤੇ ਲੋਕਾਂ ਦੀ ਭੀੜ ਵੇਖਦੇ ਹੋਏ ਵਿਧਾਇਕ ਲਾਭ ਸਿੰਘ ਉਗੋਕੇ ਅਤੇ ਉੱਪ ਮੰਡਲ ਮੈਜਿਸਟ੍ਰੇਟ ਤਪਾ ਡਾ. ਪੂਨਮਪ੍ਰੀਤ ਕੌਰ ਵੱਲੋਂ ਕੈਂਪ ਦਾ ਸਮਾਂ ਵਧਾ ਕੇ 4 ਵਜੇ ਤੱਕ ਕਰ ਦਿੱਤਾ ਗਿਆ। ਉਨ੍ਹਾਂ ਤਪਾ ਮੰਡੀ ਦੇ ਬਾਬਾ ਮੱਠ ਵਿਖੇ ਲਗਾਏ ਗਏ ਕੈਂਪ ਦਾ ਵੀ ਜਾਇਜ਼ਾ ਲਿਆ। ਇਸ ਸਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ‘ਚ ਲੋਕਾਂ ਨੂੰ ਸਕੀਮਾਂ ਦਾ ਲਾਭ ਮੌਕੇ ਉੱਤੇ ਹੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੈਂਪਾਂ ‘ਚ ਪੈਨਸ਼ਨ, ਜਾਤੀ ਸਰਟੀਫਿਕੇਟ, ਰਿਹਾਇਸ਼ੀ, ਨੀਲੇ ਕਾਰਡ, ਆਯੂਸ਼ਮਾਨ ਕਾਰਡ ਆਦਿ ਦੀਆਂ ਸੇਵਾਵਾਂ ਮੌਕੇ ਉੱਤੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਸਟਾਫ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਸੇਵਾਵਾਂ ਦੇ ਵੇਰਵੇ ਪੰਜਾਬ ਸਰਕਾਰ ਦੇ ਪੋਰਟਲ ਉੱਤੇ ਭਰੇ ਜਾਣ ਤਾਂ ਜੋ ਜੇ ਕਰ ਕਿਸੇ ਬਿਨੇਕਾਰ ਨੂੰ ਸੇਵਾ ਦੇਣ’ਚ ਦੇਰੀ ਹੁੰਦੀ ਹੈ ਤਾਂ ਉਸ ਸਬੰਧੀ ਵੇਰਵੇ ਲਏ ਜਾ ਸਕਣ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਤਿੰਨ ਵੈਨਾਂ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਵੈਨਾਂ ਸਬ ਡਵੀਜ਼ਨ ਬਰਨਾਲਾ, ਮਹਿਲ ਕਲਾਂ ਅਤੇ ਤਪਾ ਵਿਖੇ ਕੈਂਪਾਂ ਵਾਲੀ ਥਾਵਾਂ ਉੱਤੇ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ।