ਬਰਨਾਲਾ, 04 ਜਨਵਰੀ : ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਮਾਈ ਭਾਰਤ ਵਿਕਸਿਤ ਭਾਰਤ @2047 ਭਾਸ਼ਣ ਮੁਕਾਬਲੇ ਲਈ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਯੂਥ ਅਫ਼ਸਰ ਹਰਸ਼ਰਨ ਸਿੰਘ ਨੇ ਕਿਹਾ ਕਿ ਵਿਕਸਿਤ ਭਾਰਤ @2047 ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਸੁਪਨਾ ਹੈ ਕਿ ਭਾਰਤ ਆਪਣੀ ਆਜ਼ਾਦੀ ਦੇ 100ਵੇਂ ਸਾਲ ਤਕ ਇਕ ਵਿਕਸਿਤ ਦੇਸ਼ ਬਣ ਸਕੇ। ਦੇਸ਼ ਦੇ ਵਿਕਾਸ ਲਈ ਆਰਥਿਕ ਵਿਕਾਸ, ਸਮਾਜਿਕ ਤਰੱਕੀ, ਵਾਤਾਵਰਣ ਸਥਿਰਤਾ, ਆਦਿ ਸ਼ਾਮਿਲ ਹਨ। ਇਸ ਸਭ ਨੂੰ ਸਫਲ ਕਰਨ ਵਿਚ ਯੁਵਾ ਸ਼ਕਤੀ ਅਹਿਮ ਯੋਗਦਾਨ ਪਾਉਂਦੀ ਹੈ। ਯੁਵਾਵਾਂ ਦੀ ਭਾਰਤ ਵਿਚ ਸਭ ਤੋਂ ਵੱਧ ਜਨਸੰਖਿਆ ਹੈ ਅਤੇ ਉਹ ਊਰਜਾ ਅਤੇ ਸਮਰੱਥਾ ਨਾਲ ਭਰਪੂਰ ਹਨ। ਸਰਕਾਰ ਵੱਲੋਂ ਯੁਵਾਵਾਂ ਲਈ ਵੱਖ ਵੱਖ ਸਮੇ ਤੇ ਕਈ ਸਕੀਮਾਂ ਚਲਾਈਆਂ ਗਈਆਂ ਹਨ ਜਿਨ੍ਹਾਂ ਨਾਲ ਉਹ ਦੇਸ਼ ਦੀ ਤਰੱਕੀ ਵਿਚ ਹਿੱਸਾ ਪਾ ਸਕਦੇ ਹਨ। ਇਸ ਲੜੀ ਤਹਿਤ ਨਹਿਰੂ ਯੁਵਾ ਕੇਂਦਰ ਵਲੋਂ ਭਾਸ਼ਣ ਮੁਕਾਬਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਯੁਵਾਵਾਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਕਿ ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਲਈ ਓਹਨਾ ਦੇ ਕਿ ਵਿਚਾਰ ਹਨ ਅਤੇ ਕਿਸ ਤਰਾਂ ਇਸ ਟੀਚੇ ਨੂੰ ਜਲਦੀ ਪੂਰਾ ਕੀਤਾ ਜਾ ਸਕਦਾ ਹੈ। ਇਸ ਮੁਕਾਬਲੇ ਦਾ ਵਿਸ਼ਾ ਮਾਈ ਭਾਰਤ - ਵਿਕਸਿਤ ਭਾਰਤ @2047 ਹੈ। ਭਾਸ਼ਣ ਵੱਧ ਤੋਂ ਵੱਧ 7 ਮਿੰਟਾਂ ਦਾ ਹੋ ਸਕਦਾ ਹੈ ਅਤੇ ਭਾਸ਼ਾ ਪੰਜਾਬੀ, ਹਿੰਦੀ ਜਾਂ ਅੰਗਰੇਜ਼ੀ ਹੋ ਸਕਦੀ ਹੈ। ਇਹ ਮੁਕਾਬਲੇ ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਕਰਵਾਏ ਜਾਣਗੇ। ਜ਼ਿਲ੍ਹਾ ਪੱਧਰ 'ਤੇ ਪਹਿਲੇ ਸਥਾਨ 'ਤੇ ਆਉਣ ਵਾਲਾ ਪ੍ਰਤੀਭਾਗੀ ਰਾਜ ਪੱਧਰ 'ਤੇ ਹੋਣ ਵਾਲੇ ਮੁਕਾਬਲੇ ਵਿਚ ਭਾਗ ਲੈ ਸਕਦਾ ਹੈ। ਰਾਜ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਪ੍ਰਤੀਭਾਗੀ ਨੂੰ 1 ਲੱਖ ਰੁਪਏ ਦਾ ਇਨਾਮ ਹੈ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 50 ਹਜ਼ਾਰ ਰੁਪਏ ਦਾ ਇਨਾਮ ਹੈ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ 2 ਪ੍ਰਤੀਭਾਗੀਆਂ ਨੂੰ 25 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ। ਇਸ ਮੁਕਾਬਲੇ ਵਿਚ ਭਾਗ ਲੈਣ ਲਈ ਯੁਵਾ ਜ਼ਿਲ੍ਹਾ ਬਰਨਾਲਾ ਦਾ ਵਸਨੀਕ ਹੋਣਾ ਚਾਹੀਦਾ ਹੈ ਅਤੇ ਉਸ ਦਿਨ ਉਮਰ ਮਿਤੀ 12 ਜਨਵਰੀ 2024 ਨੂੰ 15 ਤੋਂ 29 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਇਸ ਮੁਕਾਬਲੇ ਵਿਚ ਨਾਮ ਦੇਣ ਦੀ ਆਖਰੀ ਮਿਤੀ 8 ਜਨਵਰੀ ਹੈ। ਜੋ ਵੀ ਯੁਵਾ ਇਸ ਮੁਕਾਬਲੇ ਵਿਚ ਭਾਗ ਲੈਣਾ ਚਾਹੁੰਦਾ ਹੈ ਉਹ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਦਫਤਰ, ਈਸ਼ਰ ਸਿੰਘ ਨਗਰ, ਨੇੜੇ ਮਾਛੀਕਾ ਵਰਕਸ਼ਾਪ, ਕਚਹਿਰੀ ਚੌਕ, ਬਰਨਾਲਾ ਵਿਖੇ ਦਫ਼ਤਰੀ ਸਮੇਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰ ਸਕਦਾ ਹੈ।