ਚੀਮਾ, 10 ਨਵੰਬਰ : ਕੈਬਨਿਟ ਮੰਤਰੀ ਅਮਨ ਅਰੋੜਾ ਨੇ ਚੀਮਾ ਵਿਖੇ ਕਰੀਬ 1.47 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਦੋ ਕਮਿਊਨਿਟੀ ਹਾਲਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਦੋਵਾਂ ਹੀ ਸਥਾਨਾਂ ਦੀ ਚੋਣ ਲੋਕਾਂ ਦੀ ਸੁਵਿਧਾ ਨੂੰ ਮੱਦੇਨਜ਼ਰ ਰਖਦਿਆਂ ਕੀਤੀ ਗਈ ਹੈ ਕਿਉਂ ਜੋ ਲੋਕਾਂ ਦੀ ਇਹ ਬਹੁਤ ਲੰਬੇ ਚਿਰ ਤੋਂ ਮੰਗ ਸੀ ਕਿ ਚੀਮਾ ਵਿੱਚ ਬਹੁ ਗਿਣਤੀ ਨਿਵਾਸੀਆਂ ਦੀਆਂ ਜਰੂਰਤਾਂ ਨੂੰ ਦੇਖਦਿਆਂ ਢੁਕਵੇਂ ਸਥਾਨਾਂ ’ਤੇ ਕਮਿਊਨਿਟੀ ਹਾਲਾਂ ਦੀ ਉਸਾਰੀ ਕਰਵਾਈ ਜਾਵੇ। ਕੈਬਨਿਟ ਮੰਤਰੀ ਨੇ ਮੌਕੇ ’ਤੇ ਹੀ ਸਬੰਧਤ ਠੇਕੇਦਾਰਾਂ ਨੂੰ ਨਿਰਮਾਣ ਪ੍ਰਕਿਰਿਆ ਦੌਰਾਨ ਸਮੱਗਰੀ ਦੀ ਗੁਣਵੱਤਾ ਦਾ ਵਿਸ਼ੇਸ ਧਿਆਨ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸਮੁੱਚੇ ਕੰਮ ਵਿੱਚ ਪਾਰਦਰਸ਼ਤਾ ਰੱਖਦੇ ਹੋਏ 6 ਮਹੀਨਿਆਂ ਦੇ ਨਿਰਧਾਰਿਤ ਸਮੇਂ ਦੇ ਅੰਦਰ ਅੰਦਰ ਨਿਰਮਾਣ ਕਾਰਜਾਂ ਨੂੰ ਨੇਪਰੇ ਚੜ੍ਹਾਇਆ ਜਾਵੇ। ਉਨ੍ਹਾਂ ਕਾਰਜਸਾਧਕ ਅਫ਼ਸਰ ਚੀਮਾ ਨੂੰ ਸਮੁੱਚੇ ਕੰਮਾਂ ਦੀ ਨਿਗਰਾਨੀ ਰੱਖਣ ਦੀ ਹਦਾਇਤ ਵੀ ਕੀਤੀ ਅਤੇ ਕੋਈ ਵੀ ਊਣਤਾਈ ਸਾਹਮਣੇ ਆਉਣ ਦੀ ਸੂਰਤ ਵਿੱਚ ਫੌਰੀ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਲਈ ਆਖਿਆ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਾ ਕੇਵਲ ਸੁਨਾਮ ਹਲਕੇ ਵਿੱਚ ਬਲਕਿ ਸਮੁੱਚੇ ਸੁਬੇ ਵਿੱਚ ਵਿਕਾਸ ਕਾਰਜਾਂ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੋਕਾਂ ਦੀ ਮੰਗ ਮੁਤਾਬਕ ਸਮਾਂਬੱਧ ਢੰਗ ਨਾਲ ਕੰਮ ਨੇਪਰੇ ਚੜ੍ਹਾਏ ਜਾ ਰਹੇ ਹਨ ਅਤੇ ਇਸੇ ਤਰਜ਼ ’ਤੇ ਸਮੁੱਚੇ ਵਿਧਾਨ ਸਭਾ ਹਲਕਾ ਸੁਨਾਮ ਦੇ ਹਰ ਪਿੰਡ, ਕਸਬੇ ਤੇ ਸ਼ਹਿਰ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਪ੍ਰਮੋਦ ਸਿੰਗਲਾ, ਈਓ ਬਾਲ ਕ੍ਰਿਸ਼ਨ, ਦਰਸ਼ਨ ਸਿੰਘ ਗੀਤੀ ਮਾਨ (ਚੇਅਰਮੈਨ ਮਾਰਕਿਟ ਕਮੇਟੀ ਚੀਮਾ), ਬੀਰਬਲ ਸਿੰਘ, ਨਿਰਭੈ ਸਿੰਘ (ਬਲਾਕ ਪ੍ਰਧਾਨ), ਕੁਲਦੀਪ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਰਾਜਿੰਦਰ ਕੁਮਾਰ ਲੀਲੂ, ਬਹਾਦਰ ਸਿੰਘ, ਰੂਪ ਸਿੰਘ, ਲਖਵਿੰਦਰ ਲੱਖੀ, ਦਰਸ਼ਨ ਸਿੰਘ, ਦਰਸ਼ਨ ਪ੍ਰਧਾਨ ਅਤੇ ਨਰਿੰਦਰ ਸਿੰਘ ਐੱਮਸੀ ਹਾਜ਼ਰ ਸਨ।