ਐੱਸ ਏ ਐੱਸ ਨਗਰ, 1 ਨਵੰਬਰ : ਜ਼ਿਲ੍ਹਾ ਪੱਧਰੀ ਬਿਲਡਿੰਗ ਕਮੇਟੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ’ਚ ਅੱਜ ਇੱਥੇ ਹੋਈ ਮੀਟਿੰਗ ’ਚ ਡੇਰਾਬੱਸੀ ਦੇ ਜੁਡੀਸ਼ੀਅਲ ਕੰਪਲੈਕਸ ਅਤੇ ਮੋਹਾਲੀ ਵਿਖੇ ਜੁਡੀਸ਼ੀਅਲ, ਪੁਲਿਸ ਅਤੇ ਸਿਵਲ ਰਿਹਾਇਸ਼ਾਂ ਦੀ ਪ੍ਰਗਤੀ ਵਿਚਾਰੀ ਗਈ। ਕਮੇਟੀ ਦੀ ਮੀਟਿੰਗ ’ਚ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਾਜੀਵ ਕੁਮਾਰ ਗੁਪਤਾ, ਐਸ ਐਸ ਪੀ ਡਾ. ਸੰਦੀਪ ਗਰਗ, ਏ ਡੀ ਸੀ (ਜ) ਵਿਰਾਜ ਐਸ ਤਿੜਕੇ, ਏ ਡੀ ਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਏ ਸੀ ਏ ਪੁੱਡਾ ਦਮਨਦੀਪ ਕੌਰ, ਐਸ ਡੀ ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਫ਼ੀਲਡ ਅਫ਼ਸਰ ਮੁੱਖ ਮੰਤਰੀ ਇੰਦਰਪਾਲ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ (ਪ੍ਰਾਂਤਕ ਮੰਡਲ) ਐਸ ਐਸ ਭੁੱਲਰ ਮੌਜੂਦ ਸਨ। ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਡੇਰਾਬੱਸੀ ਵਿਖੇ ਬਣਨ ਵਾਲੇ ਜੁਡੀਸ਼ੀਅਲ ਕੰਪਲੈਕਸ ਲਈ ਜਵਾਹਰਪੁਰ ਵਿਖੇ 6 ਏਕੜ ਥਾਂ ਦੀ ਸ਼ਨਾਖਤ ਕਰ ਲਈ ਗਈ ਹੈ, ਜਿਸ ਵਿੱਚ ਮੌਜੂਦ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਦਫ਼ਤਰੀ ਕਮਰਿਆਂ, ਮਿਆਦ ਪੁਗਾ ਚੁੱਕੀ ਪਾਣੀ ਦੀ ਟੈਂਕੀ ਅਤੇ ਬੋਰਵੈਲ ਨੂੰ ਹਟਾਇਆ ਜਾਣਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਸ ਸਬੰਧੀ ਲੋੜੀਂਦੇ ਅਨੁਮਾਨ ਤਿਆਰ ਕਰਨ ਲਈ ਆਖਿਆ। ਐਸ ਏ ਐਸ ਨਗਰ ਮੋਹਾਲੀ ’ਚ ਜ਼ਿਲ੍ਹਾ ਹੈੱਡ ਕੁਆਰਟਰ ’ਤੇ ਬਣਨ ਵਾਲੀਆਂ ਜੁਡੀਸ਼ੀਅਲ, ਪੁਲਿਸ ਅਤੇ ਸਿਵਲ ਅਧਿਕਾਰੀਆਂ ਦੀ ਰਿਹਾਇਸ਼ਾਂ ਲਈ ਸੈਕਟਰ 96 ’ਚ ਸ਼ਨਾਖਤ ਕੀਤੀ ਥਾਂ ’ਤੇ ਉਸਾਰੀ ਲਈ ਅਗਲੀ ਕਾਰਵਾਈ ਕਰਨ ’ਤੇ ਵਿਚਾਰਾਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ 24 ਰਿਹਾਇਸ਼ਾਂ ਦੇ ਨਿਰਮਾਣ ਦੀ ਪ੍ਰਵਾਨਗੀ ਮਿਲੀ ਹੈ, ਜਿਸ ’ਤੇ ਹੁਣ ਚੀਫ਼ ਆਰਕੀਟੈਕਟ ਪਾਸੋਂ ਡਰਾਇੰਗ ਤਿਆਰ ਕਰਵਾ ਕੇ ਅਤੇ ਉਸਾਰੀ ਖਰਚੇ ਤੈਅ ਕਰਕੇ ਸਰਕਾਰ ਪਾਸੋਂ ਫੰਡ ਮੰਗੇ ਜਾਣਗੇ।