- ਲੋਹਾਰਾ ਪੁੱਲ ਨੂੰ ਚੌੜਾ ਕਰਨ ਲਈ ਫੰਡ ਮੁਹੱਈਆ ਕਰਵਾਉਣ ਦੀ ਕੀਤੀ ਅਪੀਲ
- ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਲੋਂ ਭਰੋਸਾ, ਜਲਦ ਸਮੱਸਿਆ ਦਾ ਕੀਤਾ ਜਾਵੇਗਾ ਨਿਪਟਾਰਾ
- ਸਿੱਧਵਾਂ ਨਹਿਰ ਦੀ ਬੁਰਜੀ 50184 'ਤੇ ਪੈਂਦਾ ਹੈ ਪੁੱਲ
- ਪੁੱਲ ਦੀ ਚੌੜਾਈ ਵੱਧਣ ਨਾਲ ਇਲਾਕੇ ਦੇ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਤੋਂ ਮਿਲੇਗੀ ਰਾਹਤ - ਰਾਜਿੰਦਰ ਪਾਲ ਕੌਰ ਛੀਨਾ
ਲੁਧਿਆਣਾ, 02 ਜੂਨ : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਸਿੱਧਵਾਂ ਨਹਿਰ ਦੀ ਬੁਰਜੀ 50184 ਦੇ ਪੈਂਦੇ ਪੁੱਲ (ਪਿੰਡ ਲੋਹਾਰਾ) ਨੂੰ ਚੌੜਾ ਕਰਨ ਸਬੰਧੀ ਫੰਡ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵਲੋਂ ਵੀ ਭਰੋਸਾ ਦਿਵਾਇਆ ਗਿਆ ਕਿ ਲੋਹਾਰਾ ਪੁੱਲ 'ਤੇ ਲੱਗਣ ਵਾਲੇ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਜਲਦ ਨਿਪਟਾਰਾ ਕੀਤਾ ਜਾਵੇਗਾ। ਵਿਧਾਇਕ ਛੀਨਾ ਨੇ ਦੱਸਿਆ ਕਿ ਪਿੰਡ ਲੋਹਾਰਾ ਦੇ ਪੁੱਲ ਦੀ ਚੌੜਾਈ ਮੌਜੂਦਾ ਆਵਾਜਾਈ ਲਈ ਬੇਹੱਦ ਘੱਟ ਹੈ ਅਤੇ ਇਹ ਪੁੱਲ ਦੱਖਣੀ ਬਾਈਪਾਸ, ਪਿੰਡ ਲੋਹਾਰਾ ਅਤੇ ਜਸਪਾਲ ਬਾਂਗਰ ਦੇ ਇੰਡਸਟਰੀਅਲ ਏਰੀਆ-ਸੀ ਨੂੰ ਜੋੜਦਾ ਹੈ। ਉਨ੍ਹਾਂ ਕੈਬਨਿਟ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਇਸ ਪੁੱਲ 'ਤੇ ਆਵਾਜਾਈ ਜਿਆਦਾ ਹੋਣ ਕਾਰਨ ਅਕਸਰ ਦੱਖਣੀ ਬਾਈਪਾਸ 'ਤੇ ਜਾਮ ਲੱਗਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਭੀੜ ਜਿਆਦਾ ਹੋਣ ਕਰਕੇ ਜਿੱਥੇ ਆਮ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਂਦਾ ਹੈ ਉੱਥੇ ਅਕਸਰ ਅਣਸੁਖਾਵੀਂ ਘਟਨਾ ਦੇ ਵਾਪਰਨ ਦਾ ਵੀ ਖ਼ਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਦਯੋਗਪਤੀਆਂ ਅਤੇ ਆਮ ਲੋਕਾਂ ਦੀ ਪੁਰਜ਼ੋਰ ਮੰਗ ਨੂੰ ਮੁੱਖ ਰੱਖਦਿਆਂ, ਨਗਰ ਨਿਗਮ ਲੁਧਿਆਣਾ ਵਲੋਂ ਲੁਧਿਆਣਾ ਨਹਿਰ ਅਤੇ ਗਰਾਊਂਡ ਵਾਟਰ ਮੰਡਲ, ਜਲ ਸਰੋਤ ਵਿਭਾਗ, ਲੁਧਿਆਣਾ ਨੂੰ ਇਸ ਪੁਲ ਨੂੰ ਚੌੜਾ ਕਰਨ ਲਈ ਲਿਖਿਆ ਹੈ ਜਿਸਦੇ ਜੁਆਬ ਵਿੱਚ ਉਨ੍ਹਾਂ ਪੁੱਲ ਦੀ ਲਾਗਤ 'ਤੇ ਕਰੀਬ 3.20 ਕਰੋੜ ਰੁਪਏ ਰਾਸ਼ੀ ਦਾ ਅਨੁਮਾਨਤ ਖਰਚਾ ਦੱਸਿਆ ਹੈ। ਵਿਧਾਇਕ ਛੀਨਾ ਵਲੋਂ ਕੈਬਨਿਟ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੀ ਵਿੱਤੀ ਹਾਲਤ ਨੂੰ ਮੁੱਖ ਰੱਖਦੇ ਹੋਏ ਉਪਰਕੋਤ ਰਾਸ਼ੀ ਆਪਦੇ ਵਿਭਾਗ/ਪੰਜਾਬ ਸਰਕਾਰ ਦੇ ਫੰਡਾਂ ਵਿੱਚੋਂ ਮੁਹੱਈਆ ਕਰਵਾਈ ਜਾਵੇ ਤਾਂ ਜੋ ਇਸ ਪੁੱਲ ਨੂੰ ਚੌੜਾ ਕੀਤਾ ਜਾ ਸਕੇ ਅਤੇ ਇਲਾਕੇ ਦੇ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਈ ਜਾ ਸਕੇ।