ਬਰਨਾਲਾ, 30 ਮਈ : ਸਖੀ ਵਨ ਸਟਾਪ ਸੈਂਟਰ, ਬਰਨਾਲਾ ਵੱਲੋਂ ਪਿੰਡ ਬਡਬਰ ਤੇ ਠੀਕਰੀਵਾਲ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਸਮੇਂ ਸੈਂਟਰ ਪ੍ਰਬੰਧਕ ਜਯੋਤੀ ਵੰਸ਼ ਦੀ ਅਗਵਾਈ ਹੇਠ ਹਰਪ੍ਰੀਤ ਕੌਰ (ਪੈਰਾ ਲੀਗਲ ਪ੍ਰਸੋਨਲ), ਨੀਲਮ ਰਾਣੀ (ਆਈ.ਟੀ ਸਟਾਫ਼) ਅਤੇ ਜਸਪਾਲ ਕੌਰ (ਆਈ.ਟੀ ਸਟਾਫ਼) ਵੱਲੋਂ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਔਰਤਾਂ ਨੂੰ ਜਾਗਰੂਕ ਕਰਦੇ ਉਨ੍ਹਾਂ ਦੱਸਿਆ ਕਿ ਕਿਸੇ ਵੀ ਪ੍ਰਕਾਰ ਦੀ ਹਿੰਸਾ ਜਿਵੇਂ ਕਿ ਘਰੇਲੂ ਹਿੰਸਾ, ਬਲਾਤਕਾਰ, ਤੇਜ਼ਾਬੀ ਹਮਲਾ, ਜਿਨਸੀ ਹਮਲਾ, ਛੇੜਛਾੜ ਆਦਿ ਤੋਂ ਪੀੜਤ ਮਹਿਲਾਵਾਂ ਇੱਕ ਹੀ ਛੱਤ ਹੇਠ ਵੱਖ-ਵੱਖ ਸੇਵਾਵਾਂ ਜਿਵੇਂ ਕਿ ਪੁਲਿਸ ਸਹਾਇਤਾ, ਕਾਨੂੰਨੀ ਸਹਾਇਤਾ, ਡਾਕਟਰੀ ਸਹਾਇਤਾ ਅਤੇ ਅਸਥਾਈ ਰਿਹਾਇਸ਼ ਲੈ ਸਕਦੀਆਂ ਹਨ। ਇਸ ਦੇ ਨਾਲ ਹੀ ਔਰਤਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਸੈਂਟਰ ਵਿਖੇ ਸ਼ਿਕਾਇਤ ਕਰਨ ਵਾਲੀ ਹਰੇਕ ਔਰਤ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ ਅਤੇ ਇਹ ਸੈਂਟਰ 24 ਘੰਟੇ ਖੁੱਲ੍ਹਾ ਰਹਿੰਦਾ ਹੈ। ਕੋਈ ਵੀ ਪੀੜਤ ਔਰਤ ਦਫ਼ਤਰ ਦੇ ਸੰਪਰਕ ਨੰ. 01679-230181 ਅਤੇ ਵੂਮੈਨ ਹੈਲਪਲਾਈਨ ਨੰ. 181, 112 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੀ ਹੈ ।