- ਸਭਾ ਵੱਲੋਂ ਮਾਤਾ ਗੁਜਰੀ ਕਾਲਜ ਵਿਖੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ
- ਬੁਲਾਰਿਆਂ ਕਿਹਾ, ਮਹਾਨ ਸ਼ਹੀਦ ਸਾਹਿਬਜ਼ਾਦਿਆਂ ਨੂੰ ਬਾਲ ਨਹੀਂ ਬਲਕਿ ਬਾਬਾ ਜੀ ਸ਼ਬਦ ਨਾਲ ਸੰਬੋਧਿਤ ਹੋਣਾ ਲਾਜ਼ਮੀ
ਫ਼ਤਹਿਗੜ੍ਹ ਸਾਹਿਬ, 8 ਜਨਵਰੀ : ਜ਼ਿਲ੍ਹਾ ਲਿਖਾਰੀ ਸਭਾ, ਸ੍ਰੀ ਫ਼ਤਿਹਗੜ੍ਹ ਸਾਹਿਬ ਵੱਲੋਂ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੀ ਅਗਵਾਈ ਹੇਠ ਮਾਤਾ ਗੁਜਰੀ ਕਾਲਜ ਵਿਖੇ "ਪੋਹ ਦੇ ਸ਼ਹੀਦਾਂ" ਨੂੰ ਸਮਰਪਿਤ ਕਵੀ ਦਰਬਾਰ ਮਾਤਾ ਗੁਜਰੀ ਕਾਲਜ ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਸ਼ਾ ਵਿਭਾਗ, ਪੰਜਾਬ ਦੇ ਸਹਾਇਕ ਡਾਇਰੈਕਟਰ ਜਸਪ੍ਰੀਤ ਕੌਰ ਸਮੇਤ ਮੁੱਖ ਮਹਿਮਾਨ ਡਾ. ਜਲੌਰ ਸਿੰਘ ਖੀਵਾ, ਚਾਰ ਸਾਹਿਤਕਾਰਾਂ, ਜਿਹੜੇ ਕਿ ਜ਼ਿਲ੍ਹਾ ਲਿਖਾਰੀ ਸਭਾ ਲਈ ਬੀਤੇ ਕਈ ਵਰ੍ਹਿਆਂ ਤੋਂ ਸਿਦਕ ਦਿਲੀ ਨਾਲ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਲਾਲ ਮਿਸਤਰੀ, ਗੁਰਨਾਮ ਸਿੰਘ ਬਿਜਲੀ, ਪ੍ਰੋ. ਸਾਧੂ ਸਿੰਘ ਪਨਾਗ ਤੇ ਲਛਮਣ ਸਿੰਘ ਤਰੌੜਾ ਦਾ ਸਨਮਾਨ ਚਿੰਨ੍ਹ ਤੇ ਦੁਸ਼ਾਲਿਆਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਭਾਸ਼ਾ ਵਿਭਾਗ, ਪੰਜਾਬ ਪਟਿਆਲਾ ਦੀ ਸਹਾਇਕ ਡਾਇਰੈਕਟਰ ਜਸਪ੍ਰੀਤ ਕੌਰ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਜਲੌਰ ਸਿੰਘ ਖੀਵਾ, ਮੁੱਖ ਬੁਲਾਰੇ ਬੀਬੀ ਪਰਮਜੀਤ ਕੌਰ ਸਰਹਿੰਦ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਿਪਟੀ ਡਾਇਰੈਕਟਰ ਰਮਿੰਦਰ ਜੀਤ ਸਿੰਘ ਵਾਸੂ ਪ੍ਰਧਾਨਗੀ ਮੰਡਲ 'ਚ ਸ਼ਾਮਲ ਸਨ। ਸਮਾਗਮ ਦਾ ਮੰਚ ਸੰਚਾਲਨ ਸਭਾ ਦੇ ਪ੍ਰੈੱਸ ਸਕੱਤਰ ਸ. ਅਮਰਬੀਰ ਸਿੰਘ ਚੀਮਾ ਨੇ ਕੀਤਾ। ਸਭਾ ਦੇ ਅਣਥੱਕ ਕਾਮੇ ਰਹੇ ਸਵਰਗੀ ਸ. ਸੋਹਣ ਸਿੰਘ ਪੀਰਜੈਨ ਨੂੰ ਯਾਦ ਕਰਦਿਆਂ ਉਨਾਂ ਦੇ ਸਪੁੱਤਰ ਸ. ਹਰਜੀਤ ਸਿੰਘ ਪੀਰਜੈਨ ਦਾ ਵੀ ਸਨਮਾਨ ਕੀਤਾ ਗਿਆ। ਸਨਮਾਨਤ ਚਾਰ ਸਾਹਿਤਕਾਰਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸਾਂਝੇ ਤੌਰ 'ਤੇ ਲਿਖਾਰੀ ਸਭਾ ਦੇ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਸਦਾ ਸਹਿਯੋਗ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਦਿੱਤੀ।ਸ਼੍ਰੀ ਲਾਲ ਮਿਸਤਰੀ ਨੇ ਸਭਾ ਦਾ ਹੁਣ ਤੱਕ ਦਾ ਇਤਿਹਾਸ ਦੱਸਦਿਆਂ ਲਿਖਾਰੀ ਸਭਾ ਦੀ ਸਮੁੱਚੀ ਟੀਮ ਤੇ ਵਿਸ਼ੇਸ਼ ਤੌਰ 'ਤੇ ਪਰਮਜੀਤ ਕੌਰ ਸਰਹਿੰਦ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਬੀਬੀ ਪਰਮਜੀਤ ਕੌਰ ਸਰਹਿੰਦ ਨੇ ਕਿਹਾ ਕਾਫ਼ੀ ਦੇਰ ਤੋਂ ਮੇਰੇ ਮਨ ਵਿੱਚ ਸਭਾ ਦੇ ਬਾਨੀ ਮੈਂਬਰਾਂ ਦਾ ਸਨਮਾਨ ਕਰਨ ਦੀ ਇੱਛਾ ਸੀ, ਸਭਾ ਦੇ ਸਾਰੇ ਮੈਂਬਰਾਂ ਨੇ ਇਸ ਗੱਲ ਦੀ ਹਾਮੀਂ ਭਰੀ ਤੇ ਸਹਿਯੋਗ ਦਿੱਤਾ। "ਪੋਹ ਦੇ ਸ਼ਹੀਦਾਂ" ਨੂੰ ਅਕੀਦਤ ਭੇਟ ਕਰਦਿਆਂ ਉਹਨਾਂ ਕਿਹਾ ਕਿ ਇਸ ਮੌਕੇ ਸਾਨੂੰ ਸਾਹਿਬਜ਼ਾਦਿਆਂ ਦੀਆਂ ਪੂਜਨੀਕ ਮਾਤਾਵਾਂ ਨੂੰ ਕੋਟਿ ਕੋਟਿ ਨਮਨ ਕਰਨਾ ਚਾਹੀਦਾ ਹੈ। ਬੀਬੀ ਸਰਹਿੰਦ ਨੇ ਮਾਤਾ ਗੁਜਰੀ ਜੀ ਦੀ ਨਾਲ ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਬਾਰੇ ਪੁਖ਼ਤਾ ਇਤਿਹਾਸਕ ਜਾਣਕਾਰੀ ਦਿੱਤੀ ਤੇ ਕਿਹਾ ਕਿ ਸਾਡੇ ਮਹਾਨ ਤੇ ਲਾਸਾਨੀ ਇਤਿਹਾਸ ਨੂੰ ਕੁਝ ਲੋਕ ਜਾਣੇ ਜਾਂ ਅਣਜਾਣੇ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ ਉਨ੍ਹਾਂ ਤੋਂ ਸਾਵਧਾਨ ਹੋਣ ਦੀ ਲੋੜ ਤੇ ਸਚਾਈ ਸਾਹਮਣੇ ਲਿਆਉਣ ਲਈ ਸਾਹਿਤਕਾਰ ਉੱਦਮ ਕਰਨ। ਬੀਬੀ ਸਰਹਿੰਦ ਨੇ ਦੱਸਿਆ ਕਿ ਡਾ. ਹਰਚੰਦ ਸਿੰਘ ਸਰਹਿੰਦੀ ਸਿਹਤ ਦੀ ਖਰਾਬੀ ਕਾਰਨ ਸਮਾਗਮ ਵਿੱਚ ਹਾਜ਼ਰ ਨਹੀਂ ਹੋ ਸਕੇ ਤੇ ਸਭਾ ਦੇ ਨੁਮਿਆਂਦੇ ਵਲੋਂ ਸ. ਸਰਹਿੰਦੀ ਦਾ ਸਨਮਾਨ ਉਹਨਾਂ ਦੇ ਘਰ ਪੁੱਜ ਕੇ ਕੀਤਾ ਗਿਆ। ਸੇਵਾ ਮੁਕਤ ਪ੍ਰਿੰਸੀਪਲ, ਡਾ. ਜਲੌਰ ਸਿੰਘ ਖੀਵਾ ਨੇ ਕਿਹਾ ਕਿ ਕੁਰਬਾਨੀ ਤੇ ਸ਼ਹਾਦਤ ਦਾ ਫ਼ਰਕ ਸਮਝਣ ਦੀ ਲੋੜ ਹੈ ਤੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦਾ ਕੋਈ ਸਾਨੀ ਨਹੀਂ। ਡਿਪਟੀ ਡਾਇਰੈਕਟਰ, ਪੰਜਾਬ ਸਕੂਲ ਸਿੱਖਿਆ ਬੋਰਡ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦ ਸਾਹਿਬਜ਼ਾਦਿਆਂ ਨੂੰ ਬਾਲ ਨਹੀਂ ਬਲਕਿ ਸਦਾ ਬਾਬਾ ਜੀ ਸ਼ਬਦ ਨਾਲ ਸੰਬੋਧਿਤ ਹੋਣਾ ਚਾਹੀਦਾ ਹੈ। ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ, ਜਸਪ੍ਰੀਤ ਕੌਰ ਨੇ ਸ਼ਹੀਦਾਂ ਨੂੰ ਨਮਨ ਕਰਦਿਆਂ ਲਿਖਾਰੀ ਸਭਾ ਦੇ ਉਸਾਰੂ ਕੰਮਾਂ ਨੂੰ ਸਦਾ ਸਹਿਯੋਗ ਦੇਣ ਦੀ ਗੱਲ ਕੀਤੀ। ਅੰਤ 'ਚ ਪਰਮਜੀਤ ਕੌਰ ਸਰਹਿੰਦ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਸਨਮਾਨਿਤ ਸਾਹਿਤਕਾਰਾਂ ਨੂੰ ਸਭਾ ਦੇ 'ਥੰਮ੍ਹ ' ਕਹਿ ਕੇ ਮਾਣ ਦਿੱਤਾ। ਸਾਹਿਤਕਾਰਾਂ ਦੇ ਸਨਮਾਨ ਤੋਂ ਪਹਿਲਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਗੁਰਤਾਜ ਫ਼ਤਿਹ ਸਿੰਘ ਸਨੌਰ, ਮਾਨ ਸਿੰਘ ਮਾਨ, ਰਾਮ ਸਿੰਘ ਅਲਬੇਲਾ, ਹਰਜਿੰਦਰ ਸਿੰਘ ਗੋਪਾਲੋਂ, ਹਰਲੀਨ ਕੌਰ, ਪਰਮ ਸਿਆਣ, ਸਨੇਹਇੰਦਰ ਮੀਲੂ, ਗੁਰਸਿਮਰ ਸਿੰਘ, ਮੇਹਰ ਸਿੰਘ ਰਾਈਆਵਾਲ, ਬਲਤੇਜ ਸਿੰਘ ਬਠਿੰਡਾ, ਅਵਤਾਰ ਸਿੰਘ ਪੁਆਰ ਪ੍ਰੇਮ ਲਤਾ, ਅਮਰਬੀਰ ਸਿੰਘ ਚੀਮਾ, ਬਲਤੇਜ ਸਿੰਘ ਬਠਿੰਡਾ, ਅਜਮੇਰ ਸਿੰਘ ਮਾਨ, ਪ੍ਰਿਤਪਾਲ ਸਿੰਘ ਟਿਵਾਣਾ, ਪ੍ਰਿਤਪਾਲ ਸਿੰਘ ਭੜੀ, ਮਲਿਕਾ ਰਾਣੀ, ਕੁਲਦੀਪ ਸਿੰਘ ਸਾਹਿਲ ਨੇ ਆਪਣੀਆਂ ਰਚਨਾਵਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੀ ਸਮੁੱਚੀ ਦੇਖਰੇਖ ਸਾਬਕਾ ਮੈਨੇਜਰ, ਸ. ਊਧਮ ਸਿੰਘ ਨੇ ਕੀਤੀ ਅਤੇ ਦੇਵ ਮਾਲਿਕ, ਜਸ਼ਨ ਮੱਟੂ ਤੇ ਦੀਪਕੰਵਲ ਸਿੰਘ ਚੀਮਾ ਨੇ ਤਨ ਦਿੱਲੀ ਨਾਲ ਸੇਵਾ ਨਿਭਾਈ। ਇਸ ਮੌਕੇ ਕੁਲਦੀਪ ਸਿੰਘ ਸਨੌਰ, ਰਵਿੰਦਰ ਕੌਰ, ਬਲਵਿੰਦਰ ਸਿੰਘ ਸੋਹੀ, ਮਾਸਟਰ ਅਜੀਤ ਸਿੰਘ, ਜਸਵੀਰ ਸਿੰਘ ਖਰੌੜ, ਕਰਮਜੀਤ ਕੌਰ, ਹਰਜੀਤ ਕੌਰ, ਪ੍ਰਬਲਪ੍ਰੀਤ ਕੌਰ ਤੇ ਹੋਰ ਹਾਜ਼ਰ ਸਨ।