ਬਰਨਾਲਾ, 20 ਨਵੰਬਰ : ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਅਤੇ ਐੱਸ. ਡੀ. ਕਾਲਜ ਬਰਨਾਲਾ ਵੱਲੋਂ ਕੌਮੀ ਪ੍ਰੈਸ ਦਿਹਾੜਾ ਕਾਲਜ ਦੇ ਪੱਤਰਕਾਰਤਾ ਅਤੇ ਜਨ ਸੰਚਾਰ ਵਿਭਾਗ ਵਿਖੇ ਸੈਮੀਨਾਰ ਕਰਕੇ ਮਨਾਇਆ ਗਿਆ ਜਿਸ ਤਹਿਤ ਫੇਕ ਨਿਊਜ਼ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਡਾ. ਰੂਬਲ ਕਨੋਜ਼ੀਆ, ਸਹਾਇਕ ਪ੍ਰੋਫੈਸਰ, ਜਨ ਸੰਚਾਰ ਅਤੇ ਮੀਡਿਆ ਅਧਿਐਨ, ਕੇਂਦਰੀ ਯੂਨੀਵਰਸਿਟੀ ਪੰਜਾਬ ਨੇ ਪੱਤਰਕਾਰ ਅਤੇ ਪੱਤਰਕਾਰਤਾ ਵਿਭਾਗ ਦੇ ਵਿਦਿਆਰਥੀਆਂ ਨਾਲ ਫੇਕ ਨਿਊਜ਼ ਅਤੇ ਉਸ ਦੇ ਦੁਸ਼ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਖ਼ਬਰ ਜਾਂ ਸੂਚਨਾ ਵਾਇਰਲ ਕਰਨ ਤੋਂ ਪਹਿਲਾਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕੀ ਉਹ ਖ਼ਬਰ ਜਾਂ ਸੂਚਨਾ ਤੱਥਾਂ ਉੱਤੇ ਅਧਾਰਿਤ ਹੈ। ਉਨ੍ਹਾਂ ਦੱਸਿਆ ਕੀ ਗੂਗਲ ਖੋਜ ਇੰਜਣ ਦੀ ਵਰਤੋਂ ਕਰਕੇ ਖ਼ਬਰ ਦੇ ਤੱਥ ਕੱਢੇ ਜਾ ਸਕਦੇ ਹਨ। ਉਦਾਹਰਣ ਅਤੇ ਕੇਸ ਸਟੱਡੀ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕੀ ਪਿਛਲੇ ਕੁਝ ਸਾਲਾਂ ‘ਚ ਵਟਸਐਪ ਉੱਤੇ ਗ਼ਲਤ ਖ਼ਬਰਾਂ ਕਾਰਨ ਦੰਗੇ ਹੋ ਚੁਕੇ ਹਨ ਅਤੇ ਬੇਕਸੂਰ ਲੋਕ ਮਾਰੇ ਜਾ ਚੁੱਕੇ ਹਨ। ਅੱਜ ਦੇ ਯੁੱਗ ਵਿਚ ਇਹ ਜ਼ਰੂਰੀ ਹੈ ਕੀ ਹਰ ਇੱਕ ਵਿਅਕਤੀ ਆਪਣਾ ਮੋਬਾਈਲ ਫੋਨ ਜਿੰਮੇਵਾਰੀ ਨਾਲ ਇਸੇਤਮਲ ਕਰੇ ਅਤੇ ਸੁਣੀ ਸੁਣਾਈ ਜਾਂ ਬਿਨਾਂ ਕਿਸੇ ਤੱਤ ਉੱਤੇ ਅਧਾਰਿਤ ਗੱਲ ਉੱਤੇ ਯਕੀਨ ਨਾ ਕਰੇ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕੀ ਉਹ ਆਪਣੇ ਆਸ ਪਾਸ ਅਤੇ ਪਰਿਵਾਰਿਕ ਮੈਂਬਰਾਂ ਨੂੰ ਵੀ ਇਹ ਆਦਤ ਪਾਉਣ ਕਿ ਮੋਬਾਇਲ ਫੋਨ ਜਾਂ ਸੋਸ਼ਲ ਮੀਡੀਆ ਉੱਤੇ ਆਈ ਖ਼ਬਰ ਉੱਤੇ ਅੱਖਾਂ ਬੰਦ ਕਰਕੇ ਯਕੀਨ ਨਾ ਕੀਤਾ ਜਾਵੇ। ਕਿਸੇ ਵੀ ਕਿਸਮ ਦੀ ਖ਼ਬਰ, ਜਿਹੜੀ ਕੀ ਕਿਸੇ ਸਮੁਦਾਇ, ਜਾਤੀ ਜਾਂ ਧਰਮ ਦੇ ਖਿਲਾਫ ਹੈ, ਉਸ ਨੂੰ ਫਾਰਵਰਡ ਕਰਨ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਸਮਾਜਿਕ ਸ਼ਾਂਤੀ ਬਣਾ ਕੇ ਰਾਖੀ ਜਾ ਸਕੇ। ਇਸ ਮੌਕੇ ਡਾ. ਰੂਬਲ ਨੇ ਪੱਤਰਕਾਰ ਭਾਈ ਚਾਰੇ ਨੂੰ ਵੀ ਅਪੀਲ ਕੀਤੀ ਕੀ ਉਹ ਹਰ ਕਿਸਮ ਦੀ ਖ਼ਬਰ ਘੋਖ ਕੇ ਲਗਾਉਣ ਅਤੇ ਹਰ ਤਰ੍ਹਾਂ ਦੀ ਫੇਕ ਨਿਊਜ਼ ਤੋਂ ਬਚਣ । ਉਨ੍ਹਾਂ ਦੱਸਿਆ ਕੀ ਇੰਟਰਨੈੱਟ ਉੱਤੇ ਗੂਗਲ ਇਮੇਜ ਰਿਵਰਸ, ਜੈਂਡੇਕ੍ਸ ਵਰਗੀਆਂ ਚੀਜ਼ਾਂ ਇਸਤੇਮਾਲ ਕਰਕੇ ਵੀ ਫੇਕ ਨਿਊਜ਼ ਬਾਰੇ ਪਤਾ ਲਗਾਇਆ ਜਾ ਸਕਦਾ ਹੈ। ਇਸ ਮੌਕੇ ਬੋਲਦਿਆਂ ਐੱਸ.ਡੀ. ਕਾਲਜ ਦੇ ਪੱਤਰਕਾਰਤਾ ਵਿਭਾਗ ਦੇ ਮੁੱਖੀ ਸ਼੍ਰੀ ਗੁਰਪ੍ਰਵੇਸ਼ ਸਿੰਘ ਨੇ ਕਿਹਾ ਕਿ ਵਿਦਿਆਰਥੀ ਆਪਣੇ ਸਿਲੇਬਸ ਦੀਆਂ ਕਿਤਾਬਾਂ ਤੋਂ ਇਲਾਵਾ ਵੀ ਪੜ੍ਹਨ ਦੀ ਆਦਤ ਪਾਉਣ ਜਿਸ ਨਾਲ ਉਨ੍ਹਾਂ ਦੀ ਸੋਚ ਦਾ ਦਾਇਰਾ ਵਧੇ ਅਤੇ ਉਹ ਸਹੀ ਤੇ ਗ਼ਲਤ ਖ਼ਬਰ ਵਿਚ ਅੰਤਰ ਪਛਾਣ ਸਕਣ । ਇਸ ਮੌਕੇ ਐੱਸ.ਡੀ. ਕਾਲਜ ਦੇ ਵਾਈਸ ਪ੍ਰਿੰਸੀਪਲ ਮੈਡਮ ਨਿਰਮਲ ਗੁਪਤਾ, ਪ੍ਰੋਫੈਸਰ ਡਾ. ਸ਼ੋਏਬ ਜ਼ਫਰ, ਪ੍ਰੋਫੈਸਰ ਅਮਨਦੀਪ ਕੌਰ, ਪ੍ਰੋਫੈਸਰ ਲਖਵੀਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੇਘਾ ਮਾਨ ਅਤੇ ਵਿਦਿਆਰਥੀ ਹਾਜ਼ਰ ਸਨ ।