- ਵਿਧਾਇਕ ਬੁੱਧ ਰਾਮ ਨੇ 60 ਲੱਖ ਰੁਪਏ ਦੀ ਲਾਗਤ ਵਾਲੀ 3 ਹਜ਼ਾਰ ਫੁੱਟ ਦੀ ਜ਼ਮੀਨਦੋਜ਼ ਪਾਈਪਲਾਈਨ ਦੇ ਕੰਮ ਦੀ ਸ਼ੁਰੂਆਤ ਕਰਵਾਈ
ਮਾਨਸਾ, 02 ਨਵੰਬਰ : ਆਮ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਵੱਖ ਵੱਖ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਦੇ ਨਾਲ ਸਾਫ ਪਾਣੀ ਹਰ ਘਰ ਤੱਕ ਪਹੁੰਚ ਸਕੇ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਨੇ ਮਾਈਨਰ ਨੰਬਰ 5 ਬੁਢਲਾਡਾ ਦੀ ਨਹਿਰੀ ਪਾਣੀ ਦੀ ਜ਼ਮੀਨਦੋਜ਼ ਪਾਈਪ ਲਾਈਨ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਜ਼ਮੀਨਦੋਜ਼ ਪਾਈਪ ਲਾਈਨ ਰਾਹੀਂ ਪਾਣੀ ਵਾਟਰ ਵਰਕਸ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਮੀਨਦੋਜ਼ ਪਾਈਪਲਾਈਨ ਦੀ ਲੰਬਾਈ 3000 ਫੁੱਟ ਹੈ। ਇਸ ਨਾਲ 900 ਏਕੜ ਰਕਬੇ ਨੂੰ ਵੀ ਸਿੰਚਾਈ ਲਈ ਨਹਿਰੀ ਪਾਣੀ ਮਿਲੇਗਾ। ਇਸ ਪ੍ਰੋਜੈਕਟ ਤੇ ਕਰੀਬ 60 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਦੇ ਚਾਲੂ ਹੋਣ ਨਾਲ ਟੇਲਾਂ ਤੱਕ ਪਾਣੀ ਮਿਲਣ ਲੱਗੇਗਾ। ਵਿਧਾਇਕ ਨੇ ਕਿਹਾ ਕਿ ਉਹ ਲਗਾਤਾਰ ਲੋਕਾਂ ਵਿਚ ਵਿਚਰ ਕੇ ਹਲਕੇ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਅਤੇ ਇਲਾਕੇ ਦੀ ਤਰੱਕੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸਥਾਨਕ ਨਿਵਾਸੀਆਂ ਨੇ ਜਿੱਥੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦਾ ਧੰਨਵਾਦ ਕੀਤਾ ਉੱਥੇ ਹੀ ਪਾਈਪਲਾਈਨ ਦਾ ਕੰਮ ਸ਼ੁਰੂ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਜ਼ਮੀਨ ਮਾਲਕਾਂ, ਸ਼ਹਿਰ ਤੇ ਮੁਹੱਲਾ ਨਿਵਾਸੀਆਂ ਤੋਂ ਇਲਾਵਾ ਨਹਿਰੀ ਮਹਿਕਮੇ ਦੇ ਸੁਖਜੀਤ ਸਿੰਘ ਭੁੱਲਰ ਐਸ.ਈ., ਕੈਪਟਨ ਐਨ .ਐਸ. ਘੁੰਮਣ ਐਕਸੀਅਨ, ਗੁਰਜੀਤ ਸਿੰਘ ਐਸ.ਡੀ.ਓ., ਦੀਪਕ ਬਾਂਸਲ ਜੇ.ਈ. ਤੋਂ ਇਲਾਵਾ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਸੁਖਪਾਲ ਸਿੰਘ, ਦਰਸ਼ਨ ਸਿੰਘ ਐਮ.ਸੀ., ਸਤੀਸ਼ ਸਿੰਗਲਾ ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ, ਹਰਬੰਸ ਸ਼ਰਮਾ, ਸੰਦੀਪ ਕੁਮਾਰ, ਦਰਸ਼ਨ ਸਿੰਘ ਦਰਸ਼ੀ, ਮੰਗਤ ਰਾਮ, ਸੁਰਜੀਤ ਸਿੰਘ ਸੈਣੀ ਹਾਜ਼ਰ ਸਨ।